ਲੁਧਿਆਣਾ/ਖੰਨਾ :ਖੰਨਾ 'ਚ 28 ਅਪ੍ਰੈਲ ਨੂੰ ਜਬਰੀ ਵਸੂਲੀ ਦੇ ਇਲਜਾਮ ਹੇਠ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੱਤ ਆਗੂ ਜਮਾਨਤ ਮਿਲਣ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਸਾਰੇ ਲੀਡਰਾਂ ਨੇ ਆਪਣੇ ਆਪ ਨੂੰ ਖੁਦ ਨੂੰ ਬੇਕਸੂਰ ਦੱਸਦੇ ਹੋਏ ਅਫ਼ਸਰਸ਼ਾਹੀ ਉੱਤੇ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਅਫ਼ਸਰਸ਼ਾਹੀ ਨੇ ਰਿਸ਼ਵਤਖੋਰੀ ਛੁਪਾਉਣ ਲਈ ਝੂਠਾ ਮੁਕੱਦਮਾ ਦਰਜ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਉਮੀਦ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਆਪ ਸਰਕਾਰ ਵਿੱਚ ਰਿਸ਼ਵਤਖੋਰੀ ਬਖਸ਼ੇ ਨਹੀਂ ਜਾਣਗੇ।
ਖੰਨਾ ਵਿੱਚ ਭ੍ਰਿਸ਼ਟਾਚਾਰ :ਆਪ ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀ ਆਪਣੀ ਸਰਕਾਰ ਵਿੱਚ ਖੰਨਾ ਅੰਦਰ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਪੁਲਿਸ ਨੇ ਉਹਨਾਂ ਦੇ ਮਾਮਲੇ ਵਿੱਚ 11 ਦਿਨਾਂ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ। ਜਦੋਂਕਿ ਕਈ ਅਜਿਹੇ ਗੰਭੀਰ ਮਾਮਲੇ ਹਨ, ਜਿਨ੍ਹਾਂ ਦਾ ਚਲਾਨ ਕਈ ਸਾਲ ਪੇਸ਼ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਸਪਸ਼ਟ ਹੈ ਕਿ ਕਿਸੇ ਸਾਜ਼ਿਸ ਤਹਿਤ ਉਹਨਾਂ ਨੂੰ ਫਸਾਇਆ ਗਿਆ। ਆਪ ਆਗੂਆਂ ਨੇ ਕਿਹਾ ਕਿ ਉਹ ਐਸਐਚਓ ਦੇ ਖ਼ਿਲਾਫ਼ ਹਾਈਕੋਰਟ ਜਾਣਗੇ।
ਖੰਨਾ 'ਚ ਜ਼ਬਰੀ ਵਸੂਲੀ 'ਚ ਜੇਲ੍ਹ ਕੱਟਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਆਏ ਕੈਮਰੇ ਸਾਹਮਣੇ, ਖੋਲ੍ਹੇ ਭੇਦ - ਪੰਜਾਬ ਦੀਆਂ ਵੱਡੀਆਂ ਖਬਰਾਂ
ਜ਼ਬਰੀ ਵਸੂਲੀ ਮਾਮਲੇ ਵਿੱਚ ਜੇਲ੍ਹ ਵਿੱਚੋਂ ਮੁੜੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੈਮਰੇ ਅੱਗੇ ਵੱਡੇ ਖੁਲਾਸੇ ਕੀਤੇ ਹਨ। ਸੱਤ ਆਗੂਆਂ ਨੂੰ ਜ਼ਮਾਨਤ ਮਿਲ ਗਈ ਹੈ।
ਇਸ ਮੌਕੇ ਗੱਲ ਕਰਦਿਆਂ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਦੀਪ ਸਿੰਘ ਦੀਪੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਸੱਤਾ ਪਾਰਟੀ ਦੇ ਮੁੱਖ ਅਹੁਦੇਦਾਰਾਂ ਵਿਰੁੱਧ ਹੀ ਐਫਆਈਆਰ ਦਰਜ ਕੀਤੀ ਗਈ। ਇਹੀ ਨਹੀਂ ਸਗੋਂ ਉਨ੍ਹਾਂ ਦੇ ਨਾਂ ਅਤੇ ਅਹੁਦੇ ਵੀ ਲਿਖੇ ਗਏ ਹੋਣ। ਪੁਲਿਸਸ ਨੇ ਐਫਆਈਆਰ ਸਿਰਫ਼ 40 ਮਿੰਟਾਂ ਵਿੱਚ ਦਰਜ ਕੀਤੀ। ਇਹ ਸਪਸ਼ਟ ਤੌਰ ਉੱਤੇ ਇਕ ਸਾਜਿਸ਼ ਸੀ। ਰਿਸ਼ਵਤਖੋਰੀ ਨੂੰ ਛੁਪਾਉਣ ਲਈ ਅਫਸਰਸ਼ਾਹੀ ਨੇ ਪੁਲਿਸ ਨਾਲ ਮਿਲ ਕੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ। ਕਿਉਂਕਿ ਮੁਰੰਮਤ ਦੇ ਨਾਂ ’ਤੇ ਨਗਰ ਕੌਂਸਲ ਦੀਆਂ ਤਿੰਨ ਦੁਕਾਨਾਂ ਦੇ ਦੁਕਾਨਦਾਰ ਰਾਤ ਸਮੇਂ ਨਾਜਾਇਜ਼ ਤੌਰ ’ਤੇ ਲੈਂਟਰ ਪਾ ਰਹੇ ਸਨ, ਜਿਹਨਾਂ ਨੂੰ ਰੋਕਣ ਲਈ ਉਹ ਪੁਲਿਸ ਨੂੰ ਨਾਲ ਲੈ ਕੇ ਗਏ ਸਨ।
ਜ਼ਿਕਰਯੋਗ ਹੈ ਕਿ ਖੰਨਾ ਪੁਲਿਸ ਨੇ 28 ਅਪ੍ਰੈਲ ਦੀ ਰਾਤ ਨੂੰ ਨਗਰ ਕੌਂਸਲ ਦੀਆਂ ਦੁਕਾਨਾਂ ਦੇ ਲੈਂਟਰ ਬਦਲਣ ਦਾ ਵਿਰੋਧ ਕਰਨ 'ਤੇ ਦੁਕਾਨ 'ਚ ਦਾਖ਼ਲ ਹੋ ਕੇ ਧੱਕਾ-ਮੁੱਕੀ ਕਰਨ ਅਤੇ ਜਬਰੀ ਵਸੂਲੀ ਦੇ ਦੋਸ਼ਾਂ ਤਹਿਤ 'ਆਪ' ਦੇ ਉਪਰੋਕਤ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਹਨਾਂ ਆਗੂਆਂ ਨੂੰ 9 ਦਿਨਾਂ ਬਾਅਦ ਜ਼ਮਾਨਤ ਮਿਲੀ ਸੀ।