ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੀ ਆਰ.ਆਈ.ਐਮ.ਟੀ ਯੂਨੀਵਰਸਿਟੀ 'ਚ ਬੀਤੀ ਰਾਤ ਇੱਕ ਵਿਦਿਆਰਥੀ ਦੇ ਬਿਮਾਰ ਹੋਣ ਕਾਰਨ ਸਮੇਂ ਸਿਰ ਮੈਡੀਕਲ ਸਹੂਲਤ ਨਾ ਮਿਲਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਮ੍ਰਿਤਕ ਹੇਮੰਤ ਮੰਡਲ ਸਿਵਲ ਇੰਜੀਨੀਅਰਿੰਗ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਮ੍ਰਿਤਕ ਹੇਮੰਤ ਮੰਡਲ ਦੇ ਵਿਦਿਆਰਥੀਆਂ ਸਾਥੀਆਂ ਨੇ ਦੋਸ਼ ਲਾਇਆ ਹੈ ਕਿ ਹੇਮੰਤ ਨੂੰ ਸਮਾਂ ਰਹਿੰਦਿਆਂ ਮੈਡੀਕਲ ਜਾਂਚ ਨਾ ਮਿਲਣ ਕਾਰਨ ਮੌਤ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਹੋਸਟਲ ਵਾਰਡਨ ਵੱਲੋਂ ਵੀ ਕੋਈ ਸਹਿਯੋਗ ਨਹੀਂ ਮਿਲਿਆ ਅਤੇ ਨਾ ਹੀ ਯੂਨੀਵਰਸਿਟੀ ਐਂਬੂਲੈਂਸ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਮੈਨੇਜਮੇਂਟ ਦੁਆਰਾ ਸਮੇਂ 'ਤੇ ਮੈਡੀਕਲ ਸਹੂਲਤ ਨਾ ਦੇਣ ਤੋਂ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਅਤੇ ਯੂਨੀਵਰਸਿਟੀ ਕੈਂਪਸ 'ਚ ਜੰਮਕੇ ਤੋੜ ਭੰਨ ਕੀਤੀ। ਹਾਲਾਤ ਬੇਕਾਬੂ ਹੁੰਦੇ ਵੇਖ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਜਿਸਦੇ ਬਾਅਦ ਪੁਲਿਸ ਨੇ ਆ ਕੇ ਹਾਲਾਤ ਉੱਤੇ ਕਾਬੂ ਪਾਇਆ ਅਤੇ ਵੇਖਦੇ ਹੀ ਵੇਖਦੇ ਯੂਨੀਵਰਸਿਟੀ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈ।