ਸ੍ਰੀ ਫ਼ਤਹਿਗੜ੍ਹ ਸਾਹਿਬ:ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਯੂਨੀਵਰਸਟੀ ਵਿੱਚ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਨੇ ਖੁਦਕਸ਼ੀ ਕਰ ਲਈ। ਵਿਦਿਆਰਥੀ ਦੀ ਪਛਾਣ ਜੀਸਨ ਅਹਿਮਦ ਵਜੋਂ ਹੋਈ ਹੈ, ਜੋ ਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਿਕ ਇਹ ਵਿਦਿਆਰਥੀ ਫੀਸ ਨੂੰ ਲੈਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਇਸ ਨੌਜਵਾਨ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਖਬਰ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਫੀਸ ਅਤੇ ਵਾਧੂਜੁਰਮਾਨੇ ਕਰਕੇ ਤੰਗ ਸੀ ਵਿਦਿਆਰਥੀ :ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁੱਤਰ ਦੀ ਮੌਤ ਲਈ ਯੂਨੀਵਰਸਿਟੀ ਨੂੰ ਜ਼ਿੰਮੇਵਾਰ ਦੱਸਿਆ। ਪਰਿਵਾਰ ਨੇ ਕਿਹਾ ਕਿ ਜੀਸਨ ਨੂੰ ਉਸ ਦੀ ਫੀਸ ਲਈ ਤੰਗ ਕੀਤਾ ਜਾਂਦਾ ਸੀ। ਇੱਕ ਦਿਨ ਦੀ ਫੀਸ ਲੇਟ ਹੋਣ ਦੇ ਚੱਲਦਿਆਂ ਉਸ ਨੂੰ ਵੱਧ ਤੋਂ ਵੱਧ ਜ਼ੁਰਮਾਨਾ ਲਗਾ ਰਹੇ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਸੀ ਅਤੇ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਾਲੇ ਸਾਡੇ ਨਾਲ ਫੋਨ 'ਤੇ ਕੋਈ ਗੱਲ ਵੀ ਨਹੀਂ ਕਰਦੇ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਪਹਿਲਾਂ ਕਈ ਵਾਰ ਵਾਧੂ ਫੀਸ ਭਰੀ ਗਈ ਹੈ, ਪਰ ਬਾਵਜੂਦ ਇਸ ਦੇ ਸਾਡੇ ਪੁੱਤਰ ਨਾਲ ਧੱਕਾ ਹੋਇਆ ਅਤੇ ਉਹ ਮਾਨਸਿਕ ਤਣਾਅ ਝੱਲ ਨਾ ਸਕਿਆ ਅਤੇ ਬੀਤੀ ਸ਼ਾਮ ਉਸ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂਨੀਵਸਿਟੀ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਰੇਬਾਜ਼ੀ ਕੀਤੀ ਗਈ।