ਸ੍ਰੀ ਫਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਵਿੱਚ ਇੱਕ ਮਹਿਲਾ ਵੱਲੋਂ ਫਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਨੀਤਾ ਰਾਣੀ ਵਾਸੀ ਵਿਧੀ ਚੰਦ ਕਲੋਨੀ ਦੇ ਵਜੋਂ ਹੋਈ ਹੈ। ਉੱਥੇ ਹੀ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰ ਇਸ ਨੂੰ ਕਤਲ ਦਾ ਮਾਮਲਾ ਦੱਸਦੇ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਮੰਡੀ ਗੋਬਿੰਦਗੜ੍ਹ ਦੇ ਵਿਧੀ ਚੰਦ ਕਲੋਨੀ ਦੇ ਵਿੱਚ ਹੀ ਵਿਆਹੀ ਹੋਈ ਸੀ। ਉਨ੍ਹਾਂ ਨੂੰ ਦਸਿਆ ਗਿਆ ਕਿ ਉਹਨਾਂ ਦੀ ਲੜਕੀ ਬਿਮਾਰ ਹੈ ਪਰ ਬਾਅਦ ਵਿਚ ਉਹਨਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੀ ਨੇ ਫਾਹਾ ਲੈ ਲਿਆ ਹੈ।
ਲੜਕੀ ਦਾ ਤਲਾਕ ਹੋ ਗਿਆ ਸੀ:ਉਨ੍ਹਾਂ ਕਿਹਾ ਕਿ ਫੋਟੋਆਂ ਦੇਖਕੇ ਲਗਦਾ ਹੈ ਕਿ ਉਹਨਾਂ ਦੀ ਲੜਕੀ ਨੂੰ ਮਾਰਿਆ ਗਿਆ ਹੈ। ਕਿਉਂਕਿ ਉਸ ਦਾ ਪਤੀ ਉਸ ਨੂੰ ਛੋਟੀ-ਛੋਟੀ ਗੱਲ ਉੱਤੇ ਕੁੱਟਦਾ ਮਾਰਦਾ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦਾ ਪਤੀ ਹਰ ਗੱਲ ਦੇ ਲਈ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਉਦਾ ਸੀ। ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਲੜਕੀ ਦਾ ਤਲਾਕ ਹੋ ਗਿਆ ਸੀ, ਪਰ ਲੜਕੀ ਵੱਲੋਂ ਆਪਣੇ ਪਤੀ ਨਾਲ ਰਹਿਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਉਸਦਾ ਕਹਿਣਾ ਸੀ ਕਿ ਉਸਦੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਉਹਨਾ ਦਾ ਭਾਣਜਾ ਇਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਦੇ ਲਈ ਉਸ ਦੀ ਭੈਣ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸਦੇ ਨਾਲ ਮਾਰ ਕੁਟਾਈ ਕੀਤੀ ਗਈ।