ਸ੍ਰੀ ਫ਼ਤਿਹਗੜ੍ਹ ਸਾਹਿਬ: ਬੀਤੀ 17 ਜੁਲਾਈ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਕੁੱਝ ਵਿਅਕਤੀਆਂ ਕੋਲੋਂ 10 ਕਿੱਲੋ ਸੋਨਾ ਫੜ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਭਗਵਾਨਪੁਰਾ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ।
ਦਰਅਸਲ ਅਮਲੋਹ ਦੇ ਪਿੰਡ ਭਗਵਾਨਪੁਰਾ ਦਾ ਨਿਵਾਸੀ ਲਖਵੀਰ ਸਿੰਘ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਦੁਬਈ ਗਿਆ ਸੀ ਪਰ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੇ ਚੱਲਦੇ ਉਹ ਉੱਥੇ ਫਸ ਗਿਆ। ਉਹ ਜਦੋਂ ਭਾਰਤ ਵਾਪਸ ਆਇਆ ਤਾਂ ਅੰਮ੍ਰਿਤਸਰ ਏਅਰਪੋਰਟ ਉੱਤੇ ਕਸਟਮ ਦੁਆਰਾ ਉਸ ਨੂੰ ਅਤੇ ਪੰਜ ਹੋਰ ਨੂੰ 10 ਕਿੱਲੋ ਸੋਨੇ ਦੇ ਨਾਲ ਗ੍ਰਿਫਤਾਰ ਕਰਨ ਦੀ ਖ਼ਬਰ ਆਈ। ਲਖਵੀਰ ਦਾ ਪਰਿਵਾਰ ਇਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਦੇ ਪੁੱਤਰ ਨੂੰ ਫਸਾਉਣ ਦੀ ਗੱਲ ਕਹਿ ਰਿਹਾ ਹੈ।
ਪਰਿਵਾਰ ਦੀ ਮੰਨੀਏ ਤਾਂ ਘਰ ਦੇ ਹਾਲਾਤ ਅਜਿਹੇ ਹਨ ਕਿ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ ਕਿਉਂਕਿ ਲਖਵੀਰ ਦੇ ਪਿਤਾ ਵੀ ਪਿਛਲੇ ਤਿੰਨ ਸਾਲਾਂ ਤੋਂ ਬੀਮਾਰ ਪਏ ਹਨ ਅਤੇ ਘਰ ਦਾ ਗੁਜ਼ਾਰਾ ਲਖਵੀਰ ਦੀ ਪਤਨੀ ਦਿਹਾੜੀ ਕਰਕੇ ਚਲਾ ਰਹੀ ਹੈ। ਘਰ ਵਿੱਚ ਪਿਤਾ ਅਤੇ ਪਤਨੀ ਤੋਂ ਇਲਾਵਾ ਲਖਵੀਰ ਦੇ ਤਿੰਨ ਛੋਟੇ ਬੱਚੇ ਹਨ।
ਲਖਵੀਰ ਦੇ ਪਿਤਾ ਸੁਰਜੀਤ ਸਿੰਘ ਅਤੇ ਪਤਨੀ ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਲਖਵੀਰ 3 ਮਾਰਚ ਨੂੰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਦੁਬਈ ਗਿਆ ਸੀ। ਉਹ ਦੂਰ ਦੇ ਇੱਕ ਜਾਣਕਾਰ ਦੇ ਕੋਲ ਰੁਕਿਆ ਹੋਇਆ ਸੀ ਪਰ ਦੁਬਈ ਵਿੱਚ ਉਸ ਨੂੰ ਛੇਤੀ ਕੋਈ ਕੰਮ ਨਹੀਂ ਮਿਲਿਆ ਅਤੇ ਉੱਤੋਂ ਕੋਰੋਨਾ ਕਾਰਨ ਲੌਕਡਾਉਨ ਲੱਗ ਗਿਆ ਜਿਸ ਕਾਰਨ ਉਸ ਦਾ ਭਾਰਤ ਵਾਪਸ ਆਉਣਾ ਵੀ ਮੁਸ਼ਕਿਲ ਹੋ ਗਿਆ।
ਉਨ੍ਹਾਂ ਕਿਹਾ ਕਿ ਕਾਫੀ ਮੁਸ਼ਕਿਲ ਦੇ ਬਾਅਦ ਉਹ 16 ਜੁਲਾਈ ਨੂੰ ਫਲਾਈਟ ਵਿੱਚ ਬੈਠ ਕੇ 17 ਜੁਲਾਈ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਉੱਤਰ ਵੀ ਗਿਆ ਸੀ ਪਰ ਦੁਬਈ ਤੋਂ ਚੱਲਦੇ ਸਮੇਂ ਪਿੰਡ ਮੰਨਵੀ ਦੇ ਇੱਕ ਵਿਅਕਤੀ ਨੇ ਉਸ ਨੂੰ ਇੱਕ ਬੈਗ ਭਾਰਤ ਵਿੱਚ ਪਹੁੰਚਾਉਣ ਲਈ ਦਿੱਤਾ ਸੀ ਜਿਸ ਨੂੰ ਅੰਮ੍ਰਿਤਸਰ ਵਿੱਚ ਕਸਟਮ ਨੇ ਚੈੱਕ ਕੀਤਾ ਤਾਂ ਉਸ ਵਿਚੋਂ ਸੋਨਾ ਬਰਾਮਦ ਹੋਇਆ। ਕਸਟਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਬੈਗ ਵਿਚ ਕੀ ਹੈ ਇਸ ਬਾਰੇ ਲਖਵੀਰ ਨੂੰ ਕੁਝ ਨਹੀਂ ਪਤਾ ਸੀ, ਉਸ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਹੈ। ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹਾਂ।