ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਦੇਸ਼-ਭਰ ਵਿੱਚ ਲੌਕਡਾਊਨ ਜਾਰੀ ਹੈ ਉੱਥੇ ਹੀ ਪੰਜਾਬ ਵਿੱਚ ਵੀ ਕਰਫ਼ਿਊ ਦੀ ਸਥਿਤੀ ਬਣੀ ਹੋਈ ਹੈ। ਮੰਡੀ ਗੋਬਿੰਦਗੜ੍ਹ ਦੀ ਸਭ ਤੋਂ ਵੱਡੀ ਲੋਹਾ ਨਗਰੀ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਲੌਕਡਾਊਨ ਦੌਰਾਨ ਕੰਮ-ਕਾਰਜ ਦੇ ਅਦਾਰੇ ਬੰਦ ਹਨ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਸੂਬੇ ਜਾਣਾ ਚਾਹੁੰਦੇ ਸਨ। ਇਸ ਤਹਿਤ ਸੂਬਾ ਸਰਕਾਰ ਨੇ 3 ਮਈ ਤੋਂ ਲੌਕਡਾਊਨ ਵਿੱਚ ਰਾਹਤ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨਾਂ ਰਾਹੀਂ ਝਾਰਖੰਡ ਵਾਪਸ ਭੇਜਿਆ ਜਾ ਰਿਹਾ ਹੈ।
ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਵਾਪਸ ਆਪਣੇ ਸੂਬੇ ਜਾ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੌਕਡਾਊਨ ਹੋਣ ਕਾਰਨ ਫੈਕਟਰੀ 'ਚ ਕੰਮ ਵਾਲੇ ਸਾਰੇ ਅਦਾਰੇ ਬੰਦ ਹਨ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਇਕੱਲੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਝਾਰਖੰਡ 'ਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਾਪਸ ਜਾਣ ਲਈ ਪਹਿਲਾਂ ਆਨਲਾਈਨ ਅਪਲਾਈ ਕੀਤਾ ਸੀ ਜਿਸ ਮਗਰੋਂ ਉਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਮੈਡੀਕਲ ਚੈੱਕਅਪ ਕਰ ਕੇ ਮੋਹਾਲੀ ਭੇਜਿਆ ਜਾ ਰਿਹਾ ਹੈ ਜਿੱਥੇ ਟ੍ਰੇਨਾਂ ਰਾਹੀਂ ਉਹ ਝਾਰਖੰਡ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਖਤਮ ਹੋ ਜਾਵੇਗਾ ਉਹ ਵਾਪਸ ਪੰਜਾਬ ਆਉਣਗੇ।