ਫ਼ਰੀਦਕੋਟ : ਪਿੰਡ ਕਲੇਰ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇਥੇ ਇੱਕ ਭੱਠਾ ਮਜ਼ਦੂਰ ਨੇ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਲਈ। ਮਜ਼ਦੂਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮੁਖ ਕਾਰਨ ਆਰਥਿਕ ਤੰਗ ਦੱਸਿਆ ਜਾ ਰਿਹਾ ਹੈ।
ਆਰਥਿਕ ਤੰਗੀ ਤੋਂ ਪਰੇਸ਼ਾਨ ਇੱਕੋ ਪਰਿਵਾਰ ਦੇ 4 ਜੀਆਂ ਨੇ ਅੱਗ ਲਗਾ ਕੇ ਕੀਤੀ ਖੁਦਕੁਸ਼ੀ - ਪਿੰਡ ਕਲੇਰ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਵਿਖੇ ਆਰਥਿਕ ਤੰਗੀ ਦੇ ਚਲਦੇ ਇੱਕ ਭੱਠਾ ਮਜ਼ਦੂਰ ਨੇ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਲਈ। ਮਜ਼ਦੂਰ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਮੋਬਾਈਲ ਫੋਨ 'ਤੇ ਸੁਸਾਈਡ ਨੋਟ ਵੀ ਭੇਜਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਮਜ਼ਦੂਰ ਦੀ ਪਛਾਣ 40 ਸਾਲਾ ਧਰਮਪਾਲ ਵਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਸੁਰੇਸ਼ ਕੁਮਾਰ ਨੇ ਦੱਸਿਆ ਕਿ ਧਰਮਪਾਲ ਮੂਲ ਤੌਰ 'ਤੇ ਰਾਜਸਥਾਨ ਦਾ ਰਹਿਣ ਵਾਲਾ ਸੀ। ਉਹ ਪਿਛਲੇ 10 ਸਾਲਾਂ ਤੋਂ ਪਿੰਡ ਕਲੇਰ 'ਚ ਰਹਿ ਕੇ ਇਥੇ ਇੱਟ ਦੇ ਭੱਠੇ ਉੱਤੇ ਕੰਮ ਕਰਦਾ ਸੀ। ਸੁਰੇਸ਼ ਨੇ ਦੱਸਿਆ ਕਿ ਬੀਤੀ ਰਾਤ ਧਰਮਪਾਲ ਨਾਲ ਉਸ ਦੀ ਗੱਲਬਾਤ ਹੋਈ ਸੀ, ਸਵੇਰ ਦੇ ਸਮੇਂ ਜਦ ਉਸ ਨੇ ਆਪਣੇ ਫੋਨ 'ਤੇ ਵੱਟਸਐਪ ਵੇਖਿਆ ਤਾਂ ਉਸ 'ਚ ਧਰਮਪਾਲ ਨੇ ਸੁਸਾਈਡ ਨੋਟ ਭੇਜਿਆ ਸੀ। ਜਦ ਸੁਰੇਸ਼ ਹੋਰਨਾਂ ਸਾਥੀਆਂ ਨੂੰ ਲੈ ਕੇ ਧਰਮਪਾਲ ਦੇ ਘਰ ਪੁੱਜਾ ਤਾਂ ਉਨ੍ਹਾਂ ਘਰ ਚੋਂ ਧੂਆਂ ਨਿਕਲਦਾ ਵੇਖਿਆ। ਉਹ ਪਿੰਡ ਵਾਸੀਆਂ ਦੀ ਮਦਦ ਨਾਲ ਘਰ 'ਚ ਦਾਖਲ ਹੋਏ ਤਾਂ ਉਥੇ ਧਰਮਪਾਲ, ਉਸ ਦੀ ਪਤਨੀ , ਬੇਟੀ ਤੇ ਪੁੱਤਰ ਦੀ ਅੱਗ ਨਾਲ ਸੜੀ ਹੋਈ ਲਾਸ਼ ਵੇਖੀ। ਉਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ। ਫ਼ਰੀਦਕੋਟ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਵੀ ਮੌਕੇ 'ਤੇ ਜਾਇਜ਼ਾ ਲੈਣ ਪੁੱਜੇ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਨੇ ਖ਼ੁਦ ਤੇ ਪੂਰੇ ਪਰਿਵਾਰ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ।ਜਿਸ ਕਾਰਨ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ । ਇਸ 'ਚ ਮ੍ਰਿਤਕ ਨੇ ਲਿਖਿਆ ਕਿ ਉਹ ਲੌਕਡਾਊਨ ਦੇ ਸਮੇਂ ਤੋਂ ਹੀ ਆਰਥਿਕ ਤੰਗੀ ਤੋਂ ਜੂਝ ਰਿਹਾ ਹੈ। ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਖ਼ੁਦਕੁਸ਼ੀ ਮਾਮਲੇ 'ਚ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।