ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਅੱਜਕੱਲ੍ਹ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਦੀ ਇੱਕ ਮਹਿਲਾ ਡਾਕਟਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੀਨੀਅਰ ਮਹਿਲਾ ਡਾਕਟਰ ਅਧਿਕਾਰੀ ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਮੇਤ 3 ਲੋਕਾਂ ਵਿਰੁੱਧ ਦੁਸ਼ਕਰਮ ਦੇ ਦੋਸ਼ ਲਗਾਏ ਗਏ ਹਨ।
ਕੀ ਹੈ ਪੂਰਾ ਮਾਮਲਾ?
ਪੀੜਤ ਮਹਿਲਾ ਡਾਕਟਰ ਦੇ ਪਿਤਾ ਵੱਲੋਂ ਲੰਮੇ ਸਮੇਂ ਤੋਂ ਕਾਰਵਾਈ ਨਾ ਹੋਣ ਕਾਰਨ ਪ੍ਰੈਸ ਵਾਰਤਾ ਕੀਤੀ ਗਈ। ਪੀੜਤ ਦੇ ਪਿਤਾ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆ ਦੱਸਿਆ ਕਿ ਉਨ੍ਹਾਂ ਦੀ ਬੇਟੀ ਜਿਸ ਦੀ ਉਮਰ ਤਕਰੀਬਨ 46 ਸਾਲ ਹੈ, ਉਹ ਜੀ.ਜੀ.ਐਸ. ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪੀ.ਜੀ. ਦੀ ਡਿਗਰੀ ਕਰ ਰਹੀ ਸੀ। ਮਹਿਲਾ ਡਾਕਟਰ ਨੂੰ ਲੰਮੇ ਸਮੇਂ ਤੋਂ ਸੀਨੀਅਰ ਡਾਕਟਰਾਂ ਵੱਲੋਂ ਅਸ਼ਲੀਲ ਹਰਕਤਾਂ ਕਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਨ੍ਹਾਂ ਦੀ ਬੇਟੀ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਲਿਖਿਤ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੇਟੀ ਉੱਪਰ ਰਾਜ਼ੀਨਾਮਾ ਕਰਨ ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾ ਰਹੀ ਹੈ।
ਮੀਡੀਆ ਵੱਲੋਂ ਜਦ ਇਸ ਮਾਮਲੇ ਬਾਰੇ ਜਾਂਚ ਕਰ ਰਹੇ ਐਸ.ਪੀ. ਗੁਰਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਡਾਕਟਰ ਅਨੁਪਮਦੀਪ ਕੌਰ ਵੱਲੋਂ ਦਰਖਾਸਤ ਵਿੱਚ ਲਗਾਏ ਗਏ ਦੋਸ਼ 2016 ਦੇ ਹਨ। ਇਸ ਲਈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਤੱਥਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਜਦ ਇਸ ਮਾਮਲੇ ਬਾਰੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਡਾ. ਅਨੁਪਮਦੀਪ ਵੱਲੋਂ ਸੀਟ ਨਾ ਦਿੱਤੇ ਜਾਣ 'ਤੇ ਸੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ।