ਫ਼ਰੀਦਕੋਟ: ਜਿਉਂ-ਜਿਉਂ ਸੰਘਰਸ਼ ਦੇ ਦਿਨ ਵੱਧਦੇ ਜਾ ਰਹੇ ਹਨ ਕਿਸਾਨਾਂ ਦਾ ਕੇਂਦਰ ਸਰਕਾਰ ਪ੍ਰਤੀ ਗੁੱਸਾ ਵੀ ਵੱਧਦਾ ਜਾ ਰਿਹਾ ਹੈ। ਪਰ ਇਸ ਅੰਦੋਲਨ ਦੇ ਚੱਲਦਿਆਂ ਇਕ ਗੱਲ ਬਹੁਤ ਵਧੀਆ ਹੋਣ ਲੱਗੀ ਹੈ। ਹੁਣ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵਧਣ ਲੱਗੀ ਹੈ ਅਤੇ ਸਾਲਾਂ ਪੁਰਾਣੀਆ ਰੰਜਿਸ਼ਾਂ ਛੱਡ ਲੋਕ ਇਕ ਮੰਚ ’ਤੇ ਇਕੱਠੇ ਹੋਣ ਲੱਗੇ ਹਨ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖ਼ੁਰਦ ਦੇ ਲੋਕਾਂ ਨੇ ਇਸ ਪਿੰਡ ਵਿੱਚ ਵੀ ਸਿਆਸੀ ਤੌਰ 'ਤੇ ਕਾਫੀ ਧੜੇਬੰਦੀ ਸੀ, ਜੋ ਕਿਸਾਨ ਅੰਦੋਲਨ ਦੇ ਚਲਦਿਆਂ ਖਤਮ ਹੋ ਗਈ ਹੈ ਅਤੇ ਪਿੰਡ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਦੋਹੇਂ ਇਕੱਠੇ ਹੋ ਕੇ ਪਿੰਡ ਦੇ ਭਲੇ ਲਈ ਕੰਮ ਕਰ ਰਹੇ ਹਨ।
ਪਿੰਡ ਦੇ ਸਾਬਕਾ ਤੇ ਮੌਜੂਦਾ ਸਰੰਪਚਾਂ ਨੂੰ ਕਿਸਾਨ ਅੰਦੋਲਨ ਨੇ ਮਿਲਾਇਆ
ਪਿੰਡ ਦੇ ਸਾਬਕਾ ਸਰਪੰਚ ਮਨਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਦਿੱਲੀ ਵਿਖੇ ਸੰਘਰਸ਼ 'ਤੇ ਬੈਠੇ ਕਿਸਾਨਾਂ ਲਈ ਗਜਰੇਲਾ ਤਿਆਰ ਕੀਤਾ ਜਾ ਰਿਹਾ ਜੋ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਟਿਕਰੀ ਬਾਰਡਰ 'ਤੇ ਭੇਜਿਆ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਕਿਸਾਨਾਂ ਲਈ ਬਹੁਤ ਘਾਤਕ ਹਨ ਪਰ ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਨਾਲ ਇਨ੍ਹਾਂ ਕਾਨੂੰਨਾਂ ਖਿਲਾਫ ਲੜਨ ਲਈ ਕਿਸਾਨਾਂ ਦਾ ਆਪਸੀ ਭਾਈਚਾਰਾ ਵਧਿਆ ਹੈ ਪਿੰਡ ਵਿਚ ਧੜੇਬੰਦੀਆਂ ਖਤਮ ਹੋਈਆਂ ਹਨ ਅਤੇ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਨੂੰ ਰੋਕਣ ਲਈ ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹੈ।