ਫ਼ਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦੇ ਕੇਸ 'ਚ ਬੰਦ ਇੱਕ ਕੈਦੀ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿੱਚ ਕੈਦੀ ਜੇਲ੍ਹ ਪ੍ਰਸ਼ਾਸਨ 'ਤੇ ਆਪਣੀ ਪਤਨੀ ਤੋਂ ਫਿਰੌਤੀ ਦੀ ਮੰਗ ਕਰਨ, ਤਸੀਹੇ ਦੇਣ ਤੇ ਹਜ਼ਾਰਾਂ ਰੁਪਏ ਫਿਰੌਤੀ ਮੰਗਣ ਦੇ ਇਲਜ਼ਾਮ ਲਗਾ ਰਿਹਾ ਹੈ।
ਵੀਡੀਓ 'ਚ ਕੈਦੀ ਨੇ ਜੇਲ੍ਹ ਅਧਿਕਾਰੀਆਂ ਨਾਲ ਮਿਲੀਭੁਗਤ 'ਚ ਤਿੰਨ ਸਧਾਰਨ ਫੋਨ, ਸਮਾਰਟ ਫੋਨ, ਬਲਿਊਟੁੱਥ ਹੈੱਡਫੋਨ ਅਤੇ ਚਾਰਜ਼ਰ ਦਿਖਾ ਕੇ ਬੈਰਕਾਂ 'ਚ ਕੀਤੇ ਜਾ ਰਹੇ ਇਸ ਕੰਮ ਦਾ ਸਬੂਤ ਦਿੱਤਾ ਹੈ।
ਕੈਦੀ ਨੇ ਦੋਸ਼ ਲਾਇਆ ਹੈ ਕਿ ਇੱਥੇ ਸਹੂਲਤਾਂ ਲਈ ਰੇਟ ਤੈਅ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫ਼ਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਕੈਦੀ ਵਿਸ਼ਾਲ ਕੁਮਾਰ ਤੋਂ 2 ਫੋਨ ਬਰਾਮਦ ਕੀਤੇ ਤੇ ਉਸਨੂੰ ਕਪੂਰਥਲਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ।
ਸੰਗਰੂਰ ਜੇਲ੍ਹ 'ਚ ਕਿਰਾਏ 'ਤੇ ਬੈਰਕਾਂ ਦੇ ਖ਼ੁਲਾਸੇ ਤੇ ਪਟਿਆਲਾ ਜੇਲ੍ਹ ਸੁਪਰਡੈਂਟ ਦੇ ਗੈਂਗਸਟਰਾਂ ਨਾਲ ਮਿਲ ਕੇ ਕੈਦੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਫਿਰੌਤੀ ਦੀਆਂ ਘਟਨਾਵਾਂ ਸਾਹਮਣੇ ਆਉਣ ਦਾ ਇਹ ਤੀਜਾ ਵੱਡਾ ਕੇਸ ਹੈ, ਜਿਸ ਨੇ ਜੇਲ੍ਹ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ।
ਪਤਨੀ ਨੇ ਦਿੱਤੀ 60 ਹਜ਼ਾਰ ਦੀ ਰਿਸ਼ਵਤ
ਕੈਦੀ ਨੇ ਵੀਡੀਓ ਵਿੱਚ ਦੋਸ਼ ਲਾਇਆ ਹੈ ਕਿ ਫ਼ਰੀਦਕੋਟ ਜੇਲ੍ਹ ਵਿੱਚ ਡਿਪਟੀ ਪੱਧਰ ਦੇ ਅਧਿਕਾਰੀ ਨੇ ਕੁੱਟਮਾਰ ਕਰਕੇ ਸਿਰ ਪਾੜ ਦਿੱਤਾ। ਢਾਈ ਲੱਖ ਰੁਪਏ ਨਾ ਦੇਣ 'ਤੇ ਉਸ ਨੂੰ ਡਰੱਗ-ਐਡੀਕਸ਼ਨ ਬੈਰਕ ਨੰਬਰ 5 ਵਿੱਚ ਬੰਦ ਕਰ ਦਿੱਤਾ। ਇਸ ਤੋਂ ਬੱਚਣ ਲਈ ਉਸ ਨੇ ਪਤਨੀ ਰਾਹੀਂ 60 ਹਜ਼ਾਰ ਰੁਪਏ ਉਕਤ ਅਧਿਕਾਰੀ ਨੂੰ ਦਿੱਤੇ।
28 ਦਸੰਬਰ ਨੂੰ ਜੇਲ੍ਹ ਅਧਿਕਾਰੀਆਂ ਨੇ ਉਸਦੀ ਪਤਨੀ ਤੋਂ ਕੈਦ ਨਾਲ ਮੁਲਾਕਾਤ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਕੈਦੀ ਨੇ ਵੀਡੀਓ 'ਚ ਕਿਹਾ ਕਿ ਜੇਲ੍ਹ ਅਧਿਕਾਰੀ 20 ਹਜ਼ਾਰ ਰੁਪਏ 'ਚ ਛੋਟੇ ਸਮਾਰਟਫੋਨ ਅਤੇ 5 ਹਜ਼ਾਰ ਰੁਪਏ 'ਚ ਛੋਟੇ ਫੋਨ ਮੁਹੱਈਆ ਕਰਵਾਉਂਦੇ ਹਨ। ਡਿਪਟੀ ਸੁਪਰਡੈਂਟ ਨੇ ਮੈਨੂੰ ਫੋਨ ਦਿੱਤਾ ਜਿਸ 'ਤੇ ਮੈਂ ਲਾਈਵ ਜਾ ਰਿਹਾ ਹਾਂ।
300 ਰੁਪਏ ਦਾ ਚਾਰਜਰ ਜੇਲ੍ਹ 'ਚ 3 ਹਜ਼ਾਰ ਰੁਪਏ 'ਚ ਦਿੱਤਾ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਜੇਲ੍ਹ ਅਧਿਕਾਰੀ ਇਨ੍ਹਾਂ ਦੋਸ਼ਾ ਨੂੰ ਨਕਾਰ ਰਹੇ ਹਨ ਤੇ ਜੇਲ੍ਹ ਸੁਪਰਡੈਂਟ ਮੁਤਾਬਕ ਵਿਸ਼ਾਲ ਦੀ ਬੈਰਕ ਵਿਚੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਉਸ ਨੇ ਜੇਲ੍ਹ ਮੁਲਾਜ਼ਮਾਂ ਨਾਲ ਝਗੜਾ ਕੀਤਾ ਸੀ ਜਿਸ ਦੀ ਸ਼ਿਕਾਇਤ ਸਿਟੀ ਕੋਤਵਾਲੀ ਵਿੱਚ ਦਰਜ ਕਰਵਾਈ ਗਈ ਹੈ। ਫਿਲਹਾਲ ਇਸ ਕੈਦੀ ਨੂੰ ਕਪੂਰਥਲਾ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਐੱਸਪੀਡੀ ਸੇਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ 'ਤੇ 20 ਜਨਵਰੀ ਨੂੰ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਛੇਤੀ ਹੀ ਪਤਾ ਲਾਇਆ ਜਾਵੇਗਾ ਕੀ ਜੇਲ੍ਹ ਵਿੱਚ ਮੋਬਾਇਲ ਕਿੱਥੋਂ ਆਇਆ ਤੇ ਕੀ ਵਿਸ਼ਾਲ ਵੱਲੋਂ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ ਠੀਕ ਹਨ।