ਫ਼ਰੀਦਕੋਟ: ਪੂਰੀ ਦੁਨੀਆ ਨੂੰ ਭਿਆਨਕ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉਥੇ ਹੀ ਕੁੱਝ ਲੋਕ ਅਜਿਹੇ ਵੀ ਹਨ, ਜੋ ਇਸ ਬੀਮਾਰੀ ਨਾਲ ਲੜਨ ਵਾਲੇ ਲੋਕਾਂ ਦੇ ਨਾਲ-ਨਾਲ ਅਜਿਹਾ ਸਾਜੋ ਸਾਮਾਨ ਵੀ ਤਿਆਰ ਕਰਨ ਵਿੱਚ ਲੱਗੇ ਹੋਏ ਹਨ ਜਿਸ 'ਤੇ ਲਾਗਤ ਵੀ ਘੱਟ ਆਵੇ ਤੇ ਲੋੜ ਪੈਣ 'ਤੇ ਇਸ ਦਾ ਲਾਭ ਜਿਆਦਾ ਮਿਲੇ। ਅਜਿਹਾ ਹੀ ਇੱਕ ਯੰਤਰ ਕੋਟਕਪੂਰਾ ਵਾਸੀ ਪਿਓ ਪੁੱਤ ਵੱਲੋਂ ਤਿਆਰ ਕੀਤਾ ਗਿਆ ਹੈ।
ਪਿਓ-ਪੁੱਤ ਦਾ ਅਨੋਖਾ ਕਾਰਨਾਮਾ, ਸਿਹਤ ਤੇ ਜੇਬ ਦਾ ਰੱਖੇਗਾ ਧਿਆਨ ਕੋਟਕਪੂਰਾ ਦੇ ਇੱਕ ਪਿਓ-ਪੁੱਤ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਐਨਸਥੀਸੀਆ ਵਿਭਾਗ ਦੇ ਡਾਕਟਰਾਂ ਦੀ ਮਦਦ ਨਾਲ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ। ਇਸ 'ਤੇ 50 ਹਜ਼ਾਰ ਤੋਂ ਵੀ ਘੱਟ ਦੀ ਲਾਗਤ ਆਈ ਹੈ।
ਜ਼ਿਕਰੇ ਖਾਸ ਹੈ ਕਿ ਇਹ ਪਿਓ-ਪੁੱਤ ਕੋਈ ਇੰਜੀਨੀਅਰ ਨਹੀਂ ਹਨ ਫਿਰ ਵੀ ਇਨ੍ਹਾਂ ਨੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਮਾਤ ਦਿੱਤੀ ਹੈ। ਇਸ ਵੈਂਟੀਲੇਟਰ ਦਾ ਅੱਜ ਸਫ਼ਲ ਪ੍ਰੀਖਣ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ.ਰਾਜ ਬਹਾਦਰ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਇਨਸਾਨੀ ਸਰੀਰ ਦੀ ਡੰਮੀ ਦਾ ਪ੍ਰਯੋਗ ਕਰਕੇ ਇਸ ਦੀ ਪਰਫਾਰਮੈਂਸ ਚੈੱਕ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ.ਰਾਜ ਬਹਾਦਰ ਨੇ ਦੱਸਿਆ ਕਿ ਕੋਟਕਪੂਰਾ ਵਾਸੀ ਰਤਨ ਨਾਮਕ ਵਿਅਕਤੀ ਜੋ ਭਾਵੇਂ ਇੰਜੀਨੀਅਰ ਤਾਂ ਨਹੀਂ ਪਰ ਫਿਰ ਵੀ ਉਸ ਨੇ ਆਪਣੇ ਦਿਮਾਗ ਨਾਲ ਇੱਕ ਅਜਿਹਾ ਉਪਕਰਨ ਤਿਆਰ ਕੀਤਾ ਹੈ, ਜਿਸ ਨੂੰ ਵੈਂਟੀਲੇਟਰ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਐਨਸਥੀਸੀਆ ਵਿਭਾਗ ਦੇ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਇਸ ਵੈਂਟੀਲੇਟਰ ਨੂੰ ਰਤਨ ਅਗਰਵਾਲ ਅਤੇ ਉਨ੍ਹਾਂ ਦੇ ਬੇਟੇ ਨੇ ਤਿਆਰ ਕੀਤਾ ਹੈ।
ਇਸ ਵਿੱਚ ਅੰਬੂ ਬੈਗ ਲਗਾਇਆ ਗਿਆ ਹੈ ਅਤੇ ਉਸ ਦੇ ਦਬਾਅ ਨੂੰ ਚੱਲਦਾ ਰੱਖਣ ਲਈ ਕੁਝ ਅਜਿਹੇ ਉਪਕਰਨ ਲਗਾਏ ਗਏ ਹਨ ਜਿਸ ਨਾਲ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਵਿੱਚ ਜੇਕਰ ਕਿਸੇ ਨੂੰ ਵੈਂਟੀਲੇਟਰ ਚਾਹੀਦਾ ਤਾਂ ਇਹ ਉਸ ਵਿੱਚ ਸਹਾਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਨਾਮ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਮ ਤੇ ਰੱਖਿਆ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਵੈਂਟੀਲੇਟਰ ਬਣਾਉਣ ਵਾਲੇ ਰਤਨ ਅਗਰਵਾਲ ਨੇ ਦੱਸਿਆ ਕਿ ਉਸ ਦਾ ਲੜਕਾ ਬਾਰ੍ਹਵੀਂ ਜਮਾਤ ਦਾ ਕਾਮਰਸ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ ਜਿਸ ਨਾਲ ਗੰਭੀਰ ਮਰੀਜ਼ਾਂ ਨੂੰ ਇਸ ਨਾਲ ਲਾਭ ਮਿਲ ਸਕੇਗਾ।
ਉਨ੍ਹਾਂ ਦੱਸਿਆ ਕਿ ਇਹ ਸਵੈ ਚਲਿਤ ਹੈ ਅਤੇ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੈਂਟੀਲੇਟਰ ਨੂੰ ਬਣਾਉਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਅਤੇ ਹੋਰ ਡਾਕਟਰੀ ਅਮਲੇ ਨੇ ਵਿਸ਼ੇਸ ਸਹਿਯੋਗ ਦਿੱਤਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਇਸ ਵੈਂਟੀਲੇਟਰ ਦਾ ਨਾਮ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਮ 'ਤੇ ਰੱਖਿਆ ਹੈ।