ਕਤਲ ਸਬੰਧੀ ਜਾਣਕਾਰੀ ਦਿੰਦਾ ਪਰਿਵਾਰ ਤੇ ਪੁਲਿਸ ਫਰੀਦਕੋਟ: ਪੰਜਾਬ ਸਰਕਾਰ ਤੇ ਪੁਲਿਸ ਵਲੋਂ ਸੂਬੇ 'ਚ ਕਾਨੂੰਨ ਵਿਵਸਥਾ ਸਹੀ ਹੋਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਨਿਤ ਦਿਨ ਹੋ ਰਹੀਆਂ ਵਾਰਦਾਤਾਂ ਉਨ੍ਹਾਂ ਗੱਲਾਂ ਦੀ ਫੂਕ ਕੱਢ ਰਹੀਆਂ ਹਨ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿਥੇ ਮਾਮੂਲੀ ਗੱਲ ਨੂੰ ਲੈਕੇ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ: ਦੱਸਿਆ ਜਾ ਰਿਹਾ ਹੈ ਕਿ ਇਕ ਮੋਬਾਇਲ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਇੱਕ ਧਿਰ ਵੱਲੋਂ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਕਿੱਲੀ ਅਰਾਇਆ ਵਾਲਾ ਖੁਰਦ ਦੇ ਇਕ ਲੜਕੇ ਦੇ ਮੋਬਾਇਲ ਦਾ ਝਗੜਾ ਫਿਰੋਜ਼ਪੁਰ ਦੇ ਪਿੰਡ ਭਾਵੜੇ ਦੇ ਇੱਕ ਵਿਅਕਤੀ ਨਾਲ ਸੀ।
ਮੋਬਾਇਲ ਵਾਪਿਸ ਨਾ ਕਰਨ 'ਤੇ ਝਗੜਾ:ਜਿਸ 'ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਸ ਮੋਬਾਇਲ ਨੂੰ ਵਾਪਿਸ ਕਰਵਾਉਣ ਲਈ ਪਿੰਡ ਕਿੱਲੀ ਅਰਾਇਆ ਵਾਲਾ ਦੇ ਪੰਚਾਇਤ ਮੈਂਬਰ ਜਗਦੀਸ਼ ਸਿੰਘ ਵੱਲੋਂ ਸਮਾਂ ਲਿਆ ਗਿਆ ਸੀ ਪਰ ਸਮਾਂ ਖਤਮ ਹੋਣ ਦੇ ਬਾਵਜੂਦ ਉਕਤ ਵਿਅਕਤੀ ਵੱਲੋਂ ਜਦ ਮੋਬਾਇਲ ਵਾਪਿਸ ਨਾ ਕੀਤਾ ਗਿਆ ਤਾਂ ਉਸਨੂੰ ਵਾਪਿਸ ਕਰਵਾਉਣ ਲਈ ਬੀਤੀ ਦੇਰ ਸ਼ਾਮ ਜਗਦੀਸ਼ ਸਿੰਘ ਅਤੇ ਉਸਦਾ ਭਰਾ ਕੁਲਦੀਪ ਸਿੰਘ ਝਗੜੇ ਵਾਲੀ ਪਾਰਟੀ ਨਾਲ ਪਿੰਡ ਭਾਵੜੇ ਗਏ। ਜਿਥੇ ਦੋਵਾਂ ਧਿਰਾਂ ਵੱਲੋਂ ਚੱਲੀ ਗੱਲਬਾਤ ਤਕਰਾਰ ਵਿਚ ਬਦਲ ਗਈ ਅਤੇ ਭਾਵੜੇ ਪਿੰਡ ਦੇ ਵਿਅਕਤੀ ਵੱਲੋਂ ਮੋਬਾਇਲ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ।
ਰਾਹ 'ਚ ਘੇਰ ਕੇ ਮਾਰੀਆਂ ਗੋਲੀਆਂ:ਦੱਸਿਆ ਜਾ ਰਿਹਾ ਕਿ ਬਹਿਸ ਤੋਂ ਬਾਅਦ ਜਗਦੀਸ਼ ਸਿੰਘ ਅਤੇ ਉਸਦਾ ਭਰਾ ਕੁਲਦੀਪ ਸਿੰਘ ਵਾਪਿਸ ਆਪਣੇ ਪਿੰਡ ਮੁੜ ਆਏ ਪਰ ਭਾਵੜੇ ਪਿੰਡ ਦੇ ਉਨ੍ਹਾਂ ਲੋਕਾਂ ਵੱਲੋਂ ਦੋਵੇਂ ਭਰਾਵਾਂ ਨੂੰ ਰਾਹ 'ਚ ਘੇਰ ਕੇ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਚੱਲਦੇ ਦੋਵੇਂ ਭਰਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਪਰ ਇਥੇ ਆਕੇ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਕੁਝ ਲੋਕਾਂ ਖਿਲਫ਼ ਨਾਮ ਦੇ ਅਧਾਰ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਭਰਾਵਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਮੁਲਜ਼ਮ ਫੜਨ ਲਈ ਹੋ ਰਹੀ ਛਾਪੇਮਾਰੀ:ਇਸ ਮੌਕੇ ਡੀਐਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਨੂੰ ਲੇੱਕੇ ਹੋਏ ਝਗੜੇ ਤੋਂ ਬਾਅਦ ਪਿੰਡ ਭਾਵੜੇ ਦੇ ਕੁੱਝ ਲੋਕਾਂ ਵੱਲੋਂ ਰਾਹ 'ਚ ਘੇਰ ਕੇ ਦੋਵਾਂ ਭਰਾਵਾਂ 'ਤੇ ਗੋਲੀ ਚਲਾ ਦਿੱਤੀ ਗਈ, ਜਿਸਦੇ ਚੱਲਦੇ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਜਿਸਨੂੰ ਲੈਕੇ ਚਾਰ ਲੋਕਾਂ ਖਿਲਾਫ ਨਾਮ ਦੇ ਅਧਾਰ ਉੱਤੇ ਅਤੇ ਇੱਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ- ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ, ਜਿਹਨਾਂ ਨੂੰ ਜਲਦ ਕਾਬੂ ਕਰ ਲਿਆ ਜਵੇਗਾ।