ਫਰੀਦਕੋਟ: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਗੈਂਗਵਾਰ ਤੇ ਫਿਰੌਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਫਿਰੌਤੀ ਦਾ ਮਾਮਲਾ ਫਰੀਦਕੋਟ ਦੇ ਸਾਦਿਕ ਚੌਂਕ ਵਿੱਚੋਂ ਆਇਆ। ਜਿੱਥੇ ਇੱਕ ਦੁਕਾਨਦਾਰ ਤੋਂ ਗੈਂਗਸਟਰ ਗੋਲਡੀ ਬਰਾੜ ਬਣਕੇ ਫੋਨ ’ਤੇ 1 ਲੱਖ ਦੀ ਫਿਰੌਤੀ ਮੰਗਣ ਵਾਲੇ 2 ਆਰੋਪੀਆਂ ਨੂੰ ਸਥਾਨਕ ਥਾਣਾ ਸਿਟੀ ਫਰੀਦਕੋਟ ਪੁਲਿਸ ਵੱਲੋਂ ਸ਼ਿਕਾਇਤ ਕਰਤਾ ਦੀ ਸ਼ਨਾਖਤ ’ਤੇ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 2 ਮੋਬਾਇਲ ਤੇ ਨਗਦੀ ਬਰਾਮਦ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਦੁਕਾਨਦਾਰ ਨੂੰ ਆਇਆ ਧਮਕੀ ਭਰਿਆ ਫੋਨ:-ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਜੋ ਸਥਾਨਕ ਸਾਦਿਕ ਚੌਂਕ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ। ਜਿਸ ਨੇ ਥਾਣਾ ਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਬੀਤੀ ਸ਼ਾਮ ਨੂੰ ਉਸਦੇ ਮੋਬਾਇਲ ਨੰਬਰ ’ਤੇ 2 ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਫੋਨ ਆਇਆ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ‘ਮੈਂ ਗੋਲਡੀ ਬਰਾੜ ਕੈਨੇਡਾ ਤੋਂ ਬੋਲ ਰਿਹਾ ਹਾਂ ਅਤੇ ਮੈਨੂੰ ਤੇਰੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਹੈ, ਇਸ ਲਈ ਤੂੰ 1 ਲੱਖ ਰੁਪਏ ਸਾਨੂੰ ਦੇਵੇ ਅਤੇ ਜੇਕਰ ਇਹ ਰਕਮ ਨਾ ਦਿੱਤੀ ਤਾਂ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ’।
ਫਿਰੌਤੀ ਮੰਗਣ ਵਾਲਿਆਂ ਦੀ ਇਸ ਤਰ੍ਹਾਂ ਹੋਈ ਪਹਿਚਾਣ:-ਇਸ ਦੌਰਾਨ ਹੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਫੋਨ ਤੋਂ ਬਾਅਦ ਉਸਦੇ ਮੋਬਾਇਲ ਫੋਨ ’ਤੇ ਫਿਰ ਫੋਨ ਆਇਆ। ਜਿਸ ਵਿੱਚ ਇਹਨਾਂ 50 ਹਜ਼ਾਰ ਰੁਪਏ ਦੀ ਮੰਗ ਕਰਕੇ 20 ਹਜ਼ਾਰ ਰੁਪਏ ਤੁਰੰਤ ਮੰਗੇ ਅਤੇ ਬਾਕੀ 30 ਹਜ਼ਾਰ ਰੁਪਏ ਕਿਸੇ ਆਦਮੀ ਵੱਲੋਂ ਆਕੇ ਲਿਜਾਣ ਦੀ ਗੱਲ ਆਖੀ। ਜਿਸ ’ਤੇ ਉਸਨੇ ਜਦ ਆਪਣੇ ਇੱਕ ਨਜ਼ਦੀਕੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਵਾਰ-ਵਾਰ ਫੋਨ ਆਉਣ ’ਤੇ ਇਹਨਾਂ ਦੀ ਆਵਾਜ਼ ਤੋਂ ਪਛਾਣ ਹੋਈ ਕਿ ਇਹ ਫੋਨ ਗੁਰਵਿੰਦਰ ਸਿੰਘ ਬੌਬੀ ਪੁੱਤਰ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 2 ਜਰਮਨ ਕਲੌਨੀ, ਫ਼ਰੀਦਕੋਟ ਵੱਲੋਂ ਕੀਤੇ ਜਾ ਰਹੇ ਹਨ।