ਠੇਕੇ ਉੱਤੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ 'ਤੇ ਕੁਦਰਤ ਦੀ ਮਾਰ, ਲਾ-ਇਲਾਜ ਬਿਮਾਰੀ ਨੇ ਫਸਲ ਕੀਤੀ ਤਬਾਹ, ਮਦਦ ਦੀ ਅਪੀਲ ਫਰੀਦਕੋਟ:ਬੀਤੇ ਦਿਨੀ ਪੰਜਾਬ ਅੰਦਰ ਹੋਈ ਬੇਮੌਸਮੀਂ ਬਰਸਾਤ ਕਾਰਨ ਕਿਸਾਨਾਂ ਦੀ ਕਣਕ ਸਰੋਂ ਅਤੇ ਹਰੇ ਚਾਰੇ ਦੀਆ ਫਸਲਾਂ ਦੇ ਨਾਲ-ਨਾਲ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾਂ ਤੋਂ, ਜਿੱਥੇ ਕਰੀਬ ਇੱਕ ਲੱਖ ਰੁਪਏ ਪ੍ਰਤੀ ਏਕੜ ਸਲਾਨਾਂ ਦਰ ਨਾਲ ਠੇਕੇ ਉੱਤੇ ਜ਼ਮੀਨ ਲੈ ਕੇ ਟਮਾਟਰ ਦੀ ਖੇਤੀ ਕਰ ਰਹੇ ਬੇਜ਼ਮੀਨੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ।
ਜ਼ਮੀਨਾਂ ਠੇਕੇ ਉੱਤੇ ਲੇਕੇ ਸਬਜ਼ੀਆਂ ਦੀ ਕਾਸ਼ਤ:ਗੱਲਬਾਤ ਕਰਦਿਆ ਕਿਸਾਨਾਂ ਨੇ ਦੱਸਿਆ ਕਿ ਉਹ ਬੇਜ਼ਮੀਨੇ ਕਿਸਾਨ ਹਨ ਅਤੇ ਮਹਿੰਗੇ ਮੁੱਲ ਉੱਤੇ ਜ਼ਮੀਨਾਂ ਠੇਕੇ ਉੱਤੇ ਲੇਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਇਸ ਵਾਰ ਉਹਨਾਂ ਨੇ ਟਮਾਟਰ ਦੀ ਫਸਲ ਬੀਜੀ ਸੀ ਜਿਸ ਨੂੰ ਇੱਕ ਲਾ-ਇਲਾਜ ਬਿਮਾਰੀ ਲੱਗ ਗਈ ਅਤੇ ਪੂਰੇ ਪਿੰਡ ਵਿੱਚ ਲਗਭਗ 500 ਏਕੜ ਦੇ ਕਰੀਬ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਨਿੱਜੀ ਦਵਾਈ ਕੰਪਨੀਆਂ ਦੇ ਅਧਿਕਾਰੀ ਵੀ ਜ਼ੋਰ ਲਗਾ ਕੇ ਥੱਕ ਗਏ ਹਨ, ਪਰ ਫਿਰ ਵੀ ਪਿਛਲੇ ਕਰੀਬ 22 ਦਿਨਾਂ ਤੋਂ ਇਸ ਬਿਮਾਰੀ ਦੇ ਹਮਲੇ ਕਾਰਨ ਉਹਨਾਂ ਦੀ ਫਸਲ ਪੂਰੀ ਤਰਾਂ ਨਸ਼ਟ ਹੋ ਗਈ ਹੈ।
ਮੁਆਵਜ਼ੇ ਦੀ ਮੰਗ ਕੀਤੀ: ਉਹਨਾਂ ਕਿਹਾ ਕਿ ਅਸੀਂ ਪ੍ਰਤੀ ਏਕੜ ਇਕ ਲੱਖ ਰੁਪਏ ਠੇਕੇ ਉੱਤੇ ਜ਼ਮੀਨ ਲਈ ਹੈ ਅਤੇ ਇਸ ਤੋਂ ਬਾਅਦ ਟਮਾਟਰ ਦੀ ਫਸਲ ਦੀ ਕਾਸ਼ਤ ਤੋਂ ਇਲਾਵਾ ਸੰਭਾਲ ਦੌਰਾਨ ਇੱਕ ਲੱਖ ਰੁਪਏ ਦਾ ਹੋਰ ਖਰਚਾ ਆ ਗਿਆ ਪਰ ਫਿਰ ਵੀ ਫਸਲ ਨਹੀਂ ਬਚੀ। ਉਹਨਾਂ ਕਿਹਾ ਕਿ ਹੁਣ ਤਾਂ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਇਸ ਵਾਰ ਹਰੇਕ ਕਿਸਾਨ ਪ੍ਰਤੀ ਏਕੜ 2 ਲੱਖ ਦੇ ਕਰਜ਼ੇ ਹੇਠ ਆ ਗਿਆ ਹੈ। ਕਰਜ਼ੇ ਕਰਕੇ ਇਸ ਵਾਰ ਉਨ੍ਹਾਂ ਦੇ ਘਰਾਂ ਦੀ ਕੁਰਕੀ ਵੀ ਹੋ ਸਕਦੀ ਹੈ।। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਕਿਸਾਨਾਂ ਦੀ ਤਰ੍ਹਾਂ ਉਹਨਾਂ ਨੂੰ ਵੀ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ ਜਿਸ ਨਾਲ ਉਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਸ਼ਿਕਾਇਤ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਮਾਮਲਾ ਸਥਾਨਕ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਵੱਖ-ਵੱਖ ਟੀਮਾਂ ਭੇਜੀਆਂ ਪਰ ਕੋਈ ਵੀ ਟਮਾਟਰ ਨੂੰ ਲੱਗੀ ਲਾ-ਇਲਾਜ਼ ਬਿਮਾਰੀ ਦਾ ਹੱਲ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਾਰਾ ਕੁੱਝ ਵੇਖਣ ਦੇ ਬਾਵਜੂਦ ਹੁਣ ਤੱਕ ਫਸਲ ਦੇ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ।
ਇਹ ਵੀ ਪੜ੍ਹੋ:‘ਕੇਂਦਰ ਸਰਕਾਰ ਕਣਕ ਦੇ ਰੇਟ ’ਚ ਕਟੌਤੀ ਕਰਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਕਰ ਰਹੀ ਹੈ ਮਜ਼ਬੂਰ’