ਟੋਕਰੇ ਤੇ ਛਾਬੇ ਬਣਾਉਣ ਵਾਲੇ ਕਾਰੀਗਰਾਂ ਨੇ ਆਪਣੇ ਕਿਤੇ ਤੋਂ ਵੱਟਿਆ ਪਾਸਾ ਫਰੀਦਕੋਟ:ਪੰਜਾਬੀ ਸੱਭਿਆਚਾਰ ਤੇ ਖਾਸ ਕਰ ਪੇਂਡੂ ਖੇਤਰਾਂ ਵਿਚ ਛਾਬੇ ਅਤੇ ਟੋਕਰੇ ਦੀ ਅਹਿਮ ਥਾਂ ਸੀ। ਇਨ੍ਹਾਂ ਛਾਬੇ ਤੇ ਟੋਕਰਿਆਂ ਦਾ ਘਰ ਵਿਚ ਵੱਖ-ਵੱਖ ਚੀਜ਼ਾਂ ਦੀ ਸਾਂਭ-ਸੰਭਾਲ ਅਤੇ ਕੰਮ ਕਾਜ ਵਿਚ ਵੱਡਾ ਯੋਗਦਾਨ ਹੁੰਦਾ ਸੀ। ਪਰ ਅਜੋਕੇ ਮਸੀਨੀ ਯੁੱਗ ਦੌਰਾਨ ਸਟੀਲ ਅਤੇ ਪਲਾਸਟਿਕ ਦੇ ਬਰਤਨ ਅਤੇ ਹੋਰ ਲੋਂੜੀਦਾ ਘਰੇਲੂ ਸਮਾਨ ਮਾਰਕੀਟ ਵਿਚ ਆਉਣ ਕਾਰਨ ਹੁਣ ਟੋਕਰੇ ਟਾਂਵੇਂ-ਟਾਂਵੇਂ ਘਰਾਂ ਵਿਚ ਮਿਲ ਸਕਦੇ ਹਨ। ਪਰ ਛਾਬਾ ਪੰਜਾਬੀਆਂ ਦੀਆਂ ਰਸੋਈਆਂ ਵਿੱਚੋਂ ਗਾਇਬ ਹੀ ਹੋ ਚੁੱਕਾ ਹੈ, ਜੋ ਕਦੀ ਪੰਜਾਬ ਦੀਆਂ ਰਸੋਈਆਂ ਦੀ ਸ਼ਾਨ ਹੁੰਦਾ ਸੀ।
ਛਾਬਾ ਤੇ ਟੋਕਰਾ ਹੁੰਦੇ ਕੀ ਹਨ, ਇਸ ਦਾ ਪੇਂਡੂ ਜੀਵਨ ਵਿਚ ਕੀ ਮਹੱਤਵ ਹੈ ?ਛਾਬਾ ਅਤੇ ਟੋਕਰਾ ਪੇਂਡੂ ਜੀਵਨ ਦਾ ਅਨਿੱਖੜਵਾਂ ਅੰਗ ਕਹੇ ਜਾਣ ਤਾਂ ਕੋਈ ਅੰਤ ਕਥਨੀ ਨਹੀਂ ਹੋਵੇਗੀ। ਕਿਉਕਿ 21ਵੀਂ ਸਤਾਬਦੀ ਤੋਂ ਪਹਿਲਾਂ ਛਾਬੇ ਤੇ ਟੋਕਰੇ ਬਗੈਰ ਪੰਜਾਬ ਵਿੱਚ ਸ਼ਾਇਦ ਕਿਸੇ ਵੀ ਘਰ ਵਿਚ ਸਰਦਾ ਹੋਵੇ। ਜੇਕਰ ਗੱਲ ਕਰੀਏ ਛਾਬੇ ਦੀ ਤਾਂ ਛਾਬਾ ਸਹਿਤੂਤ ਦੀਆਂ ਨਰਮ ਤੇ ਪਤਲੀਆਂ ਟਾਹਣੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਜੋ ਕਿ ਛੋਟਾ ਜਿਹਾ ਲੱਕੜ ਦਾ ਬਰਤਨ ਹੁੰਦਾ ਸੀ। ਜਿਸ ਵਿਚ ਪੁਰਤਾਨ ਪੰਜਾਬ ਦੀਆਂ ਸਵਾਂਣੀਆਂ ਰੋਟੀ ਅਤੇ ਰਸੋਈ ਵਿਚ ਬਣਨ ਵਾਲੇ ਹੋਰ ਪਕਵਾਨਾਂ ਨੂੰ ਸੰਭਾਲ ਕੇ ਰੱਖਦੀਆਂ ਸਨ। ਇਹ ਵੀ ਮੰਨਿਆਂ ਜਾਂਦਾ ਸੀ ਕਿ ਛਾਬੇ ਵਿਚ ਰੱਖੀ ਰੋਟੀ ਜਲਦ ਖ਼ਰਾਬ ਨਹੀਂ ਹੁੰਦੀ ਸੀ। ਛਾਬੇ ਦੇ ਵੱਡੇ ਅਕਾਰ ਨੂੰ ਛਜਲੀ ਕਿਹਾ ਜਾਂਦਾ ਸੀ, ਜੋ ਛਾਬੇ ਵਾਂਗ ਹੀ ਚੌੜੇ ਗੋਲ ਆਕਾਰ ਦੀ ਹੁੰਦੀ ਸੀ, ਜਿਸ ਵਿਚ ਸ਼ਬਜੀਆਂ ਵਗੈਰਾ ਰੱਖੀਆਂ ਜਾਂਦੀਆਂ ਸਨ।
ਟੋਕਰਾ ਹੁੰਦਾ ਕੀ ਹੈ ?ਜੇਕਰ ਗੱਲ ਕਰੀਏ ਟੋਕਰੇ ਦੀ ਤਾਂ ਟੋਕਰਾ ਗੋਲ ਅਕਾਰ ਦਾ ਉੱਪਰ ਨੂੰ ਉਠਿਆ ਹੋਇਆ ਹੁੰਦਾ ਸੀ। ਜਿਸ ਵਿਚ ਸਮਾਨ ਪਾਉਣ ਉੱਤੇ ਸਮਾਨ ਇਸ ਵਿੱਚੋਂ ਬਾਹਰ ਨਹੀਂ ਨਿਕਲਦਾ ਸੀ ਅਤੇ ਉਸ ਨੂੰ ਅਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਲੈ ਜਾਇਆ ਜਾ ਸਕਦਾ ਸੀ। ਟੋਕਰਾ ਪੰਜਾਬ ਦੇ ਪਿੰਡਾਂ ਵਿਚ ਜ਼ਿਆਦਾਤਰ ਘਰਾਂ ਵਿਚ ਪਸੂਆਂ ਨੂੰ ਪੱਠੇ ਪਾਉਣ, ਸ਼ਬਜੀਆਂ ਅਤੇ ਵਿਆਹ ਅਤੇ ਹੋਰ ਖੁਸ਼ੀ ਗਮੀਂ ਦੇ ਮੌਕਿਆਂ ਉੱਤੇ ਮਠਿਆਈਆਂ ਅਤੇ ਹੋਰ ਖਾਣ-ਪੀਣ ਦਾ ਸਮਾਨ ਕਈ ਦਿਨਾਂ ਤੱਕ ਸਟੋਰ ਕਰਕੇ ਰੱਖਣ ਵਿਚ ਸਹਾਈ ਹੁੰਦਾ ਸੀ।
ਕਿਉਕਿ ਸਹਿਤੂਤ ਦੀਆਂ ਪਤਲੀਆਂ ਟਾਹਣੀਆਂ ਨਾਲ ਬਣੇ ਇਹ ਟੋਕਰੇ ਵਿਚ ਪਏ ਸਮਾਨ ਨੂੰ ਹਵਾ ਵੀ ਲੱਗਦੀ ਰਹਿੰਦੀ ਅਤੇ ਸਮਾਨ ਇਹਨਾਂ ਦੇ ਵਿਚੋਂ ਬਾਹਰ ਵੀ ਨਹੀਂ ਨਿਕਲਦਾ ਸੀ। ਇਸ ਤੋਂ ਇਲਾਵਾ ਘਰਾਂ ਦੀ ਸਾਫ ਸਫਾਈ ਅਤੇ ਹੋਰ ਖੇਤੀਬਾੜੀ ਦੇ ਕੰਮਾਂ ਵਿਚ ਵੀ ਟੋਕਰਿਆ ਦੀ ਆਂਮ ਵਰਤੋਂ ਕੀਤੀ ਜਾਂਦੀ ਸੀ। ਪਰ ਅਯੋਕੇ ਸਮੇਂ ਵਿਚ ਜਿੱਥੇ ਟੋਕਰਿਆਂ ਦੀ ਥਾਂ ਪਲਾਸਟਿਕ ਦੇ ਸਾਜੋ ਸਮਾਨ ਨੇ ਲੈ ਲਈ ਹੈ। ਉੱਥੇ ਹੀ ਛਾਬਿਆਂ ਦੀ ਥਾਂ ਦੇ ਰਸੋਈਆਂ ਵਿਚ ਹੌਟਕੇਸ ਆ ਗਏ ਹਨ। ਜਿੰਨਾਂ ਵਿੱਚ ਰੋਟੀ ਗਰਮ ਤਾਂ ਰਹਿ ਸਕਦੀ ਹੈ, ਪਰ ਛਾਬੇ ਵਾਲੀ ਪੌਸ਼ਟਿਕਤਾ ਅਤੇ ਤਾਜ਼ਾ ਪਣ ਸ਼ਾਇਦ ਹੀ ਮਿਲਦਾ ਹੋਵੇ।
ਟੋਕਰੇ ਬਣਾਉਣ ਦਾ ਕੰਮ ਬੰਦ ਹੋਣ ਕਿਨਾਰੇ:- ਟੋਕਰੇ ਬਣਾਉਣ ਦਾ ਕੰਮ ਇੰਨ੍ਹੀ ਦਿਨੀ ਬੰਦ ਹੋਣ ਕਿਨਾਰੇ ਹੈ ਅਤੇ ਆਉਣ ਵਾਲੇ 5/10 ਸਾਲਾਂ ਵਿਚ ਟੋਕਰੇ ਅਤੇ ਛਾਬੇ ਪੂਰੀ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰ ਵਿੱਚੋਂ ਗਾਇਬ ਹੋ ਜਾਣਗੇ। ਕਿਉਕਿ ਹੁਣ ਤੱਕ ਇਹ ਇਸੇ ਲਈ ਬਚੇ ਹੋਏ ਸਨ ਕਿ ਇਹਨਾਂ ਨੂੰ ਬਣਾਉਣ ਵਾਲੇ ਕਾਰੀਗਰ ਪਿਤਾ-ਪੁਰਖੀ ਇਸ ਕਿੱਤੇ ਨਾਲ ਜੁੜੇ ਹੋਏ ਸਨ ਅਤੇ ਪੀੜ੍ਹੀ ਦਰ ਪੀੜ੍ਹੀ ਇਹ ਕਿੱਤਾ ਅੱਗੇ ਵੱਧਦਾ ਜਾ ਰਿਹਾ ਸੀ।
ਪਰ ਅੱਜ ਦੇ ਸਮੇਂ ਵਿਚ ਇਹਨਾਂ ਕਾਰੀਗਰਾਂ ਦੀ ਨਵੀਂ ਪੀੜ੍ਹੀ ਇਸ ਕਿੱਤੇ ਨੂੰ ਕਿੱਤਾ ਹੀ ਨਹੀਂ ਸਮਝਦੀ ਅਤੇ ਇਸ ਕਿੱਤੇ (tokra makers in Faridkot) ਨਾਲੋਂ ਆਪਣਾ ਨਾਤਾ ਤੋੜ ਚੁੱਕੀ ਹੈ। ਇਸ ਦਾ ਇਕ ਕਾਰਨ ਮਸੀਨੀਕਰਨ ਅਤੇ ਆਧੁਨਿਕਤਾ ਦੀ ਦੌੜ ਹੋ ਸਕਦਾ। ਪਰ ਦੂਸਰਾ ਵੱਡਾ ਕਾਰਨ ਇਹ ਹੈ ਕਿ ਹੁਣ ਟੋਕਰੇ ਆਦਿ ਬਣਾਉਣ ਲਈ ਲੋਂੜੀਦਾ ਰਾਅ ਮਟੀਰੀਅਲ ਬਹੁਤ ਘੱਟ ਮਿਲਦਾ ਹੈ ਅਤੇ ਜੇਕਰ ਮਿਲਦਾ ਵੀ ਹੈ ਤਾਂ ਬਹੁਤ ਮਹਿੰਗਾ ਮਿਲਦਾ ਹੈ। ਜਿਸ ਨਾਲ ਟੋਕਰੇ ਬਣਾਉਣ ਵਾਲੇ ਕਾਰੀਗਰਾਂ ਨੂੰ ਆਪਣੇ ਖਰਚੇ (tokra makers quit their jobs due to inflation) ਪੂਰੇ ਕਰਨੇ ਵੀ ਮੁਸ਼ਕਿਲ ਹੋ ਜਾਂਦੇ ਹਨ।
ਅਜੋਕੇ ਦੌਰ ਵਿੱਚ ਟੋਕਰੇ ਤੋਂ ਕੋਈ ਕਮਾਈ ਨਹੀਂ ਹੁੰਦੀ:-ਜਦੋਂ ਸਾਡੀ ਈਟੀਵੀ ਭਾਰਤ ਦੀ ਟੀਮ ਨੇ ਸੜਕ ਕਿਨਾਰੇ ਟੋਕਰੇ ਬਣਾ ਰਹੇ, ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਇਹ ਕਿੱਤਾ ਕੋਈ ਬਹੁਤਾ ਲਾਭਦਾਇਕ ਨਹੀਂ ਰਿਹਾ। ਉਹਨਾਂ ਦੱਸਿਆ ਕਿ ਹੁਣ ਨਾਂ ਤਾਂ ਟੋਕਰੇ ਬਣਾਉਣ ਲਈ ਤੂਤ ਦੀਆਂ ਲੱਕੜਾਂ ਜਲਦ ਮਿਲਦੀਆਂ ਹਨ ਅਤੇ ਜੇਕਰ ਮਿਲਦੀਆਂ ਹਨ ਤਾਂ ਬਹੁਤ ਮਹਿੰਗੇ ਰੇਟ ਮਿਲਦੀਆਂ ਹਨ। ਉਹਨਾਂ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਭਾਵੇਂ ਟੋਕਰਾ ਘੱਟ ਰੇਟ ਉੱਤੇ ਵਿਕਦਾ ਸੀ। ਪਰ ਫਿਰ ਵੀ ਉਹਨਾਂ ਨੂੰ ਵਧੀਆਂ ਕਮਾਈ ਹੋ ਜਾਂਦੀ ਸੀ। ਪਰ ਅੱਜ 200 ਰੁਪਏ ਦਾ ਟੋਕਰਾ ਵੇਚ ਕੇ ਵੀ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ।
ਨਵੀਂ ਪੀੜ੍ਹੀ ਦਾ ਕੋਈ ਵੀ ਬੱਚਾ ਟੋਕਰੇ ਬਣਾਉਣ ਦਾ ਕੰਮ ਸਿੱਖਣ ਲਈ ਰਾਜੀ ਨਹੀਂ:-ਟੋਕਰੇ ਬਣਾਉਣ ਵਾਲਿਆਂ ਨੇ ਦੱਸਿਆ ਕਿ ਇਹ ਕੰਮ ਨਫੇ ਵਾਲਾ ਕੰਮ ਨਾਂ ਰਹਿ ਜਾਣ ਕਾਰਨ ਹੁਣ ਉਹਨਾਂ ਦੇ ਬੱਚੇ ਇਸ ਕੰਮ ਨੂੰ ਛੱਡ ਰਹੇ ਹਨ। ਨਵੀਂ ਪੀੜ੍ਹੀ ਦਾ ਕੋਈ ਵੀ ਬੱਚਾ ਟੋਕਰੇ ਬਣਾਉਣ ਦਾ ਕੰਮ ਸਿੱਖਣ ਲਈ ਰਾਜੀ ਨਹੀਂ ਹੈ। ਉਹਨਾਂ ਦੱਸਿਆ ਕਿ ਇੱਥੇ ਸੜਕ ਕਿਨਾਰੇ ਬੈਠ ਕੇ ਉਹ ਇਸ ਲਈ ਟੋਕਰੇ ਆਦਿ ਬਣਾਉਣਦੇ ਹਨ ਕਿ ਰਾਹ ਜਾਂਦਾ ਗ੍ਰਾਹਕ ਉਹਨਾਂ ਦੇ ਟੋਕਰੇ ਤੇ ਛਾਬੇ ਖ੍ਰੀਦਦਾ ਹੈ ਅਤੇ ਕਈ ਵਾਰ ਜ਼ਿਆਦਾ ਟੋਕਰੇ ਵਿਕ ਜਾਂਦੇ ਹਨ। ਕਈ ਵਾਰ ਇਕ ਅੱਧਾ ਵੇਚ ਕੇ ਹੀ ਗੁਜ਼ਾਰਾ ਕਰਨਾਂ ਪੈਂਦਾ ਹੈ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੀ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਇਸ ਪਿਤਾ ਪੁਰਖੀ ਕਿੱਤੇ ਨੂੰ ਬਚਾਉਣ ਲਈ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜੋ:-8 ਸਾਲ ਦੇ ਅਰਜਿਤ ਸ਼ਰਮਾ ਨੇ 10 ਹਜ਼ਾਰ ਫੁੱਟ ਉੱਚੀ ਚੋਟੀ ਉੱਤੇ ਚੜ੍ਹ ਕੇ ਰਚਿਆ ਇਤਿਹਾਸ