ਫਰੀਦਕੋਟ:ਪੰਜਾਬ ਦੇ ਫਰੀਦਕੋਟ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਸ਼ਨੀਵਾਰ ਦੁਪਹਿਰ ਲੜਾਈ ਦਾ ਮੈਦਾਨ ਬਣ ਗਿਆ। ਇੱਥੇ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। 2 ਦਿਨ ਦੇ ਬੱਚੇ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਹੰਗਾਮਾ ਅਤੇ ਲੜਾਈ ਹੋਈ। ਨਕੋਦਰ ਤੋਂ ਆਏ ਲੋਕਾਂ ਨੇ ਕਾਫੀ ਇੱਟਾਂ-ਪੱਥਰ ਵਰ੍ਹਾਏ, ਜਿਸ ਵਿਚ 6 ਦੇ ਕਰੀਬ ਲੋਕਾਂ ਦੇ ਸਿਰ ਪਾਟ ਗਏ ਅਤੇ ਖੂਨ ਵਹਿ ਗਿਆ। ਕਾਫੀ ਤਣਾਅ ਵਾਲਾ ਮਾਹੌਲ ਸੀ।
ਪੀੜਤ ਨੇ ਦੱਸਿਆ ਹੰਗਾਮੇ ਦਾ ਕਾਰਨ:- ਇਸ ਦੌਰਾਨ ਹੀ ਪੀੜਤ ਕਿਰਨ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦੀ ਲੜਕੀ ਕਮਲਜੀਤ ਕੌਰ ਦਾ ਵਿਆਹ ਨਕੋਦਰ 'ਚ ਹੋਇਆ ਸੀ, ਪਰ ਉਸ ਦੀ ਲੜਕੀ ਨੂੰ ਲੈ ਕੇ ਉਸ ਦੇ ਸਹੁਰੇ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ। ਪੀੜਤ ਕਿਰਨ ਮੁਤਾਬਕ ਬੇਟੀ ਪਿਛਲੇ 6 ਮਹੀਨਿਆਂ ਤੋਂ ਉਸ ਦੇ ਕੋਲ ਸੀ। 2 ਦਿਨ ਪਹਿਲਾਂ ਕਮਲਜੀਤ ਕੌਰ ਨੇ ਫਰੀਦਕੋਟ ਦੇ ਸਿਵਲ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ ਸੀ, ਜਿਸ ਨੂੰ ਸਿਹਤ ਖਰਾਬ ਹੋਣ ਕਾਰਨ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰ ਉਸ ਦੇ ਸਹੁਰੇ ਪੁੱਤਰ ਨੂੰ ਉਨ੍ਹਾਂ ਨੂੰ ਦੇਣ ਲਈ ਕਹਿ ਰਹੇ ਹਨ, ਸ਼ੁੱਕਰਵਾਰ 11 ਜੂਨ ਨੂੰ ਵੀ ਇਨ੍ਹਾਂ ਲੋਕਾਂ ਨੇ ਇੱਥੇ ਆ ਕੇ ਹਸਪਤਾਲ ਵਿੱਚ ਹੰਗਾਮਾ ਕੀਤਾ ਸੀ।