ਫ਼ਰੀਦਕੋਟ:ਦੇਸ਼ ਦੀ ਸਰਵ ਉੱਚ ਅਦਾਲਤ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ ਕਾਨੂੰਨੀ ਮੰਨਦਿਆਂ ਇਸ ਵਸੀਅਤ ਦੇ ਆਧਾਰ ਉੱਤੇ ਬਣੇ ਟਰੱਸਟ ਨੂੰ ਭੰਗ ਕਰਨ ਦੇ ਫੈਸਲੇ ਉੱਤੇ ਮੋਹਰ ਲਾਈ ਹੈ। ਇਸ ਦੇ ਨਾਲ ਹੀ, ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ।
ਦੱਸ ਦਈਏ ਕਿ ਲਗਭਗ 20-25 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ। 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਆਰੰਭ ਹੋਵੇਗੀ। ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਦੋਵੇਂ ਲੜਕੀਆਂ ਹੀ ਇਸ ਜਾਇਦਾਦ ਦੀਆਂ ਵਾਰਸ ਹੋਣਗੀਆਂ।
ਜ਼ਿਕਰਯੋਗ ਹੈ ਕਿ ਇਹ ਆਲੀਸ਼ਾਨ ਮਹਿਲ ਸੰਨ 1880-85 ਵਿੱਚ ਟਿੱਕਾ ਰਾਜਾ ਬਲਵਿੰਦਰ ਸਿੰਘ ਨੇ ਬਣਾਇਆ ਸੀ। ਰਾਜਾ ਬਲਬੀਰ ਸਿੰਘ ਪਹਿਲੇ ਰਾਜਾ ਸੀ, ਜਿਨ੍ਹਾਂ ਨੇ ਕਿੱਲਾ ਛੱਡ ਇੱਥੇ ਰਹਿਣਾ ਸ਼ੁਰੂ ਕੀਤਾ ਹੈ। ਇਹ ਮਹਿਲ ਫਰਾਂਸੀਸ ਨਮੂਨੇ ਉੱਤੇ ਆਧਾਰਿਤ ਹੈ। ਇਸ ਦੀ ਇਮਾਰਤ ਇੱਟਾਂ ਅਤੇ ਚੂਨੇ ਦੀ ਬਣੀ ਹੋਈ ਹੈ। ਸੰਨ 1910 ਤੱਕ ਇਸ ਦਾ ਰਸਤਾ ਅੱਜ ਕੱਲ ਦੀ ਕਾਲਜ ਰੋਡ ਸਥਿਤ ਬਲਬੀਰ ਹਸਪਤਾਲ ਵਿੱਚੋਂ ਸੀ ਅਤੇ ਡਿਊੜੀ ਅਖਵਾਉਂਦਾ ਸੀ। ਇਸ ਮਹਿਲ ਵਿੱਚ 37 ਕਮਰੇ, ਇਕ ਵੱਡਾ ਸਵਿਮਪੂਲ, ਛੋਟਾ ਸਵਿਮਪੂਲ (ਬੱਚਿਆਂ ਲਈ) ਅਤੇ ਇਕ ਵੱਡਾ ਗੁਰਦੁਆਰਾ ਸਾਹਿਬ ਹੈ। ਦੱਸ ਦਈਏ ਕਿ ਇੱਥੇ ਕੋਈ ਏ.ਸੀ. ਨਹੀਂ ਹੈ, ਪਰ ਫਿਰ ਵੀ ਇਮਾਰਤ ਕੁਦਰਤੀ ਤੌਰ ਉੱਤੇ ਠੰਡੀ ਰਹਿੰਦੀ ਹੈ।
ਇਹ ਸਥਾਨ ਫਰੀਦਕੋਟ ਦੇ ਸ਼ਾਹੀ ਘਰਾਣੇ ਦਾ ਮੂਲ ਨਿਵਾਸ ਹੈ। ਇਸ ਵਿੱਚ 200 ਤੋਂ ਵੀ ਵੱਧ ਛਾਂ ਦਾਰ ਰੁੱਖ ਹਨ, ਜਿਨ੍ਹਾਂ ਵਿੱਚੋਂ ਕਈ ਰੁੱਖ ਸੌ ਸਾਲ ਵੱਧ ਉਮਰ ਦੇ ਹਨ। ਇੱਥੇ ਮੋਰ ਅਤੇ ਪੰਛੀਆਂ ਦੀਆਂ ਆਵਾਜ਼ ਬੇਹਦ ਸੁਕੂਨ ਦਿੰਦੀਆਂ ਹਨ।