ਫ਼ਰੀਦਕੋਟ: ਬੀਤੇ ਕਰੀਬ ਸਵਾ ਮਹੀਨੇ ਤੋਂ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਐਸਐਸਪੀ ਦਫਤਰ ਦੇ ਬਾਹਰ ਰੋਸ ਧਰਨਾਂ ਦੇ ਰਹੇ ਕੌਮੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਚਲਦੇ ਅੱਜ ਦਿਵਾਲੀ ਵਾਲੇ ਦਿਨ ਯੂਨੀਅਨ ਵੱਲੋਂ ਐਸਐਸਪੀ ਦਫਤਰ ਤੋਂ ਪੂਰੇ ਸਹਿਰ ਵਿਚ ਇਕ ਵੱਡੀ ਮੋਟਰਸਾਇਕਲ ਰੋਸ ਰੈਲੀ ਕੱਢੀ ਗਈ।
ਗੱਲਬਾਤ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਫ਼ਰੀਦਕੋਟ ਜਿਲ੍ਹੇ ਦੇ ਨਾਲ ਨਾਲ ਪੂਰੇ ਪੰਜਾਬ ਵਿਚ ਹੀ ਵੱਡੇ ਪੱਧਰ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਮੋਟਰਾਂ, ਟਰਾਂਸਫਾਰਮਰ ਅਤੇ ਮੋਟਰਾਂ ਦੀਆ ਕੇਬਲਾਂ ਚੋਰੀ ਹੋ ਰਹੀਆਂ ਹਨ। ਫਰੀਦਕੋਟ ਜਿਲ੍ਹੇ ਅੰਦਰ ਵੱਡੀ ਗਿਣਤੀ ਵਿਚ ਮੋਟਰਾਂ ਅਤੇ ਟਰਾਂਸਫਾਰਮਰ ਚੋਰੀ ਹੋਣ ਦੇ ਚਲਦੇ ਕੌਮੀਂ ਕਿਸਾਨ ਯੂਨੀਅਨ ਵੱਲੋਂ ਚੋਰਾਂ ਖਿਲਾਫ ਢੁਕਵੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਐਸਐਸਪੀ ਫਰੀਦਕੋਟ ਦੇ ਦਫਤਰ ਬਾਹਰ ਧਰਨਾਂ ਲਗਾਇਆ ਗਿਆ ਹੈ, ਪਰ ਅੱਜ ਤੱਕ ਪੁਲਿਸ ਨੇ ਚੋਰਾਂ ਨੂੰ ਫੜ੍ਹਨਾਂ ਤਾਂ ਦੂਰ ਉਲਟਾ ਕਿਸਾਨਾਂ ਦੀਆਂ ਮੋਟਰਾਂ ਹੋਰ ਜਿਆਦਾ ਚੋਰੀ ਹੋ ਰਹੀਆਂ ਹਨ, ਪਰ ਪੁਲਿਸ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆ ਰਹੀ।