ਫਰੀਦਕੋਟ :ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ਼ ਦੇ ਰਜਿਸਟਰਾਰ ਵੱਲੋਂ ਬੀਤੇ ਦਿਨੀਂ ਯੂਨੀਵਰਸਟੀ ਅਧੀਨ ਚੱਲ ਰਹੇ ਜੀਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹਸਪਤਾਲ ਦੇ ਸਾਰੇ ਡਾਕਟਰ ਮੈਡੀਕਲ ਸੇਵਾਵਾਂ ਠੱਪ ਕਰ ਕੇ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਡਾਕਟਰਾਂ ਨੇ ਓਨਾ ਚਿਰ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਜਿੰਨਾ ਚਿਰ ਉਨ੍ਹਾਂ ਦੇ ਵਹੀਕਲਾਂ ਦੀ ਪਾਰਕਿੰਗ ਦੀ ਸਿਮੱਸਿਆ ਦਾ ਢੁੱਕਵਾਂ ਹੱਲ ਨਹੀਂ ਕੱਢਿਆ ਜਾਂਦਾ।
ਐਮਰਜੈਂਸੀ ਵਿਭਾਗ ਦੇ ਬਾਹਰ ਪ੍ਰਦਰਸ਼ਨ :ਜ਼ਿਕਰਯੋਗ ਹੈ ਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਦਰੁਸਤ ਕਰਨ ਲਈ ਹਸਤਪਾਲ ਦੀ ਐਮਰਜੈਂਸੀ ਵਾਰਡ ਨੂੰ ਜਾਂਦੇ ਰਾਸਤੇ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੇ ਵ੍ਹੀਕਲਾਂ ਦੀ ਪਾਰਕਿੰਗ 'ਤੇ ਰੋਕ ਲਗਾ ਕੇ ਇਕ ਬੋਰਡ ਲਗਾ ਦਿੱਤਾ ਗਿਆ ਸੀ ਕਿ ਜੋ ਵੀ ਇਸ ਏਰੀਏ ਵਿਚ ਆਪਣਾਂ ਵ੍ਹੀਕਲ ਪਾਰਕ ਕਰੇਗਾ ਉਸ ਦੇ ਵ੍ਹੀਕਲ ਦੀ ਹਵਾ ਕੱਢ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹਸਪਤਾਲ ਦੇ ਕਈ ਡਾਕਟਰਾਂ ਦੇ ਵ੍ਹੀਕਲਾਂ ਦੀ ਹਵਾ ਕੱਢੀ ਗਈ, ਜਿਨ੍ਹਾਂ ਵਿਚ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਮਹਿਲਾ ਡਾਕਟਰਾਂ ਵੀ ਸ਼ਾਮਲ ਹਨ। ਡਾਕਟਰਾਂ ਦੇ ਸਬਰ ਦਾ ਬੰਨ੍ਹ ਅੱਜ ਉਸ ਸਮੇਂ ਟੁੱਟਾ ਜਦੋਂ ਐਮਰਜੈਂਸੀ ਕੇਸ ਵੇਖਣ ਲਈ ਡਾਕਟਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਆਏ ਤਾਂ ਉਨ੍ਹਾਂ ਦੀ ਗੱਡੀ ਦੀ ਪਾਰਕਿੰਗ ਠੇਕੇਦਾਰ ਦੇ ਕਰਿੰਦਿਆ ਵੱਲੋਂ ਹਵਾ ਕੱਢੀ, ਜਿਸ ਤੋਂ ਬਾਅਦ ਡਾਕਟਰਾਂ ਨੇ ਕੰਮ ਕਾਜ ਬੰਦ ਕਰ ਕੇ ਐਮਰਜੈਂਸੀ ਵਿਭਾਗ ਦੇ ਬਾਹਰ ਪ੍ਰਦਰਸ਼ਨ ਕੀਤਾ।
ਤਿੱਖੀ ਚੀਜ਼ ਨਾਲ ਗੱਡੀ ਦੇ ਟਾਇਰਾਂ ਚੋਂ ਕੱਢੀ ਹਵਾ :ਗੱਲਬਾਤ ਕਰਦਿਆਂ ਪੀੜਤ ਡਾਕਟਰ ਅਸ਼ੀਸ਼ ਛਾਬੜਾ ਨੇ ਦੱਸਿਆ ਕਿ ਉਹ ਐਮਰਜੈਂਸੀ ਵਿਭਾਗ ਵਿਚ ਕੇਸ ਚੈੱਕ ਕਰਨ ਆਏ ਸਨ ਅਤੇ ਪਾਰਕਿੰਗ ਵਿਚ ਸ਼ੈੱਡ ਹੇਠਾ ਉਨ੍ਹਾਂ ਨੇ ਆਪਣੀ ਕਾਰ ਪਾਰਕ ਕੀਤੀ ਸੀ, ਜਦੋਂ ਉਹ ਵਾਪਸ ਆਏ ਤਾਂ ਉਸ ਦੀ ਕਾਰ ਦੇ ਚਾਰੋ ਟਾਇਰਾਂ ਦੀ ਹਵਾ ਕੱਢੀ ਹੋਈ ਸੀ । ਇਸੇ ਦੌਰਾਨ ਇਕ ਪਾਰਕਿੰਗ ਕਰਿੰਦਾ ਤਿੱਖੀ ਚੀਜ਼ ਨਾਲ ਕੋੋਲ ਖੜ੍ਹੇ ਹੋਰ ਵਾਹਨਾਂ ਦੀ ਵੀ ਹਵਾ ਕੱਢ ਰਿਹਾ ਸੀ। ਉਨ੍ਹਾਂ ਨੇ ਜਦੋਂ ਕਾਰ ਦੀ ਹਵਾ ਕੱਢੇ ਜਾਣ ਦਾ ਕਾਰਨ ਪੁੱਛਿਆ ਤਾਂ ਕਰਿੰਦਿਆਂ ਨੇ ਕਿਹਾ ਕਿ ਇਥੇ ਤੁਸੀਂ ਕਾਰ ਪਾਰਕ ਨਹੀਂ ਕਰ ਸਕਦੇ। ਇਸੇ ਲਈ ਹਵਾ ਕੱਢੀ ਗਈ ਹੈ। ਉਨ੍ਹਾਂ ਦੱਸਿਆ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵੇਖਣ ਲਈ ਦਿਨ ਅਤੇ ਰਾਤ ਵੇਲੇ ਕਈ ਵਾਰ ਆਉਣਾ ਹੁੰਦਾ ਪਰ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਦਾ ਇਹੀ ਵਤੀਰਾ ਰਿਹਾ ਤਾਂ ਡਾਕਟਰ ਆਪਣਾ ਕੰਮ ਨਹੀਂ ਕਰ ਸਕਣਗੇ।
ਇਸ ਮੌਕੇ ਇਕ ਮਹਿਲਾ ਡਾਕਟਰ ਨੇ ਦੱਸਿਆ ਕਿ ਇਥੇ ਵ੍ਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਬਿਨਾਂ ਕਿਸੇ ਕਾਰਨ ਰੌਲਾ ਪਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਹ ਐਮਰਜੈਂਸੀ ਸੇਵਾਵਾਂ ਲਈ ਦਿਨ ਰਾਤ ਕਈ ਵਾਰ ਹਸਪਤਾਲ ਆਉਂਦੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਵ੍ਹੀਕਲ ਦੀ ਹਵਾ ਕੱਢੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਟੀ ਪ੍ਰਸ਼ਾਸਨ ਜਾਣ ਬੁੱਝ ਕੇ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਡਾਕਟਰੀ ਸਟਾਫ ਲਈ ਢੁਕਵੇਂ ਵਹੀਕਲ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।