ਸਾਬਕਾ ਵਿਧਾਇਕ ਪੰਜ ਦਿਨਾਂ ਦੇ ਰਿਮਾਂਡ ਉੱਤੇ ਫਰੀਦਕੋਟ: ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮਾਰਕਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਵਿਜੀਲੈਂਸ ਟੀਮ ਵੱਲੋਂ ਉਹਨਾਂ ਨੂੰ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਜਸਟਿਸ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਵਿੱਚ ਪੁੱਛਗਿੱਛ ਲਈ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਜਦੋਂ ਕਿ ਅਦਾਲਤ ਵੱਲੋਂ ਵਿਜੀਲੈਂਸ ਵਿਭਾਗ ਨੂੰ ਕੁਸ਼ਲਦੀਪ ਢਿੱਲੋਂ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਹੁਣ ਵਿਜੀਲੈਂਸ ਵਿਭਾਗ ਦੀ ਟੀਮ 22 ਮਈ ਤੱਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਪੁੱਛਗਿੱਛ ਕਰੇਗੀ ਅਤੇ ਉਹਨਾਂ ਤੋਂ ਇਸ ਮਾਮਲੇ ਵਿੱਚ ਹੋਰ ਰਾਜ਼ ਉਗਲਵਾਉਣ ਦੀ ਕੋਸ਼ਿਸ਼ ਕਰੇਗੀ।
ਸਾਬਕਾ ਵਿਧਾਇਕ ਦੀ ਪੇਸ਼ੀ:ਜਿਕਰਯੋਗ ਹੈ ਕਿ ਅੱਜ ਸਵੇਰੇ ਹੀ ਕਾਂਗਰਸੀ ਵਰਕਰਾਂ ਦਾ ਜਮਾਂਵੜਾ ਫਰੀਦਕੋਟ ਅਦਾਲਤ ਕੰਪਲੈਕਸ ਦੇ ਬਾਹਰ ਲੱਗਣਾ ਸ਼ੁਰੂ ਹੋ ਗਿਆ ਸੀ ਅਤੇ ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਦੀ ਪੇਸ਼ੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਧਰਨਾ ਲਗਾ ਕੇ ਵਿਜੀਲੈਂਸ ਦੀ ਕਾਰਵਾਈ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਜਿਲ੍ਹਾ ਕਾਂਗਰਸ ਦੇ ਆਗੂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਅਦਾਲਤ ਵਿੱਚ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪੇਸ਼ੀ ਦੌਰਾਨ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਰਹੇ।
ਪੁਲੀਟਿਕਲ ਵੈਂਡੇਟਾ: ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖਿਲਾਫ ਆਮ ਆਦਮੀਂ ਪਾਰਟੀ ਵੱਲੋਂ ਪੁਲੀਟਿਕਲ ਵੈਂਡੇਟਾ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਕਾਂਗਰਸੀ ਆਗੂ ਹਾਰ ਮੰਨਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਜਦ ਤੱਕ ਅਦਾਲਤ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ ਉਦੋਂ ਤੱਕ ਕਿਸੇ ਨੂੰ ਵੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਸਾਨੂੰ ਅਦਾਲਤ ਉੱਤੇ ਭਰੋਸਾ ਹੈ ਅਤੇ ਜਿੱਤ ਸੱਚ ਦੀ ਹੋਵੇਗੀ।
- ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸ਼ਾਹੀ ਸ਼ਹਿਰ ਦਾ ਨਵਾਂ ਬੱਸ ਸਟੈਂਡ, ਸੀਐੱਮ ਮਾਨ ਨੇ ਕੀਤਾ ਉਦਘਾਟਨ
- 'ਆਪ' ਵਿਧਾਇਕ ਦੇ ਪਿੰਡ 'ਚ ਲੋਕਾਂ ਨੇ ਆਮ ਆਦਮੀ ਕਲੀਨਿਕ ਨੂੰ ਮਾਰਿਆ ਜਿੰਦਰਾ, ਜਾਣੋ ਮਾਮਲਾ
- ਬਰਨਾਲਾ 'ਚ 65 ਸਾਲਾ ਔਰਤ ਸਣੇ ਆਪ ਆਗੂਆਂ ਨੇ ਪਾਣੀ ਵਾਲੀ ਟੈਂਕੀ 'ਤੇ ਕੀਤੀ ਭੁੱਖ ਹੜਤਾਲ, ਸਰਕਾਰ ਖਿਲਾਫ ਪ੍ਰਦਰਸ਼ਨ
5 ਦਿਨ ਦਾ ਪੁਲਿਸ ਰਿਮਾਂਡ: ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਗਿਆ ਤਾਂ ਮੀਡੀਆ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਉਹਨਾਂ ਕਾਨੂੰਨ ਉੱਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਇਲਜਾਮ ਲਗਾਉਣੇ ਸੌਖੇ ਹਨ ਪਰ ਉਹਨਾਂ ਨੂੰ ਸਾਬਤ ਕਰਨਾਂ ਔਖਾ ਹੈ। ਇਸ ਮੌਕੇ ਵਿਜੀਲੈਂਸ ਅਧਿਕਾਰੀ ਮੀਡੀਆ ਤੋਂ ਬਚਦੇ ਨਜ਼ਰ ਆਏ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਵਕੀਲ ਸਤਿੰਦਰਜੀਤ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਵਿਜੀਲੈਂਸ ਵਿਭਾਗ ਸਾਹਮਣੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋ 11 ਵਾਰ ਪੇਸ਼ ਹੋਏ ਸਨ ਅਤੇ ਜਦੋਂ ਵੀ ਵਿਜੀਲੈਂਸ ਨੇ ਉਹਨਾਂ ਨੂੰ ਪੁਛਗਿੱਛ ਲਈ ਬੁਲਾਇਆ ਤਾਂ ਉਹ ਉਸੇ ਵਕਤ ਵਿਜੀਲੈਂਸ ਸਾਹਮਣੇ ਪੇਸ਼ ਹੁੰਦੇ ਰਹੇ। ਉਹਨਾਂ ਕਿਹਾ ਕਿ ਕੱਲ੍ਹ ਵੀ ਇਹਨਾਂ ਨੂੰ ਪੁਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਉੱਥੇ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਅਸੀਂ ਜਾਂਚ ਵਿੱਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਕੀਤਾ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਨੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਿਸ ਜ਼ਮੀਨ ਬਾਰੇ ਇਲਜ਼ਾਮ ਲਗਾਏ ਜਾ ਰਹੇ ਹਨ ਉਸ ਨਾਲ ਜਾਂ ਉਸ ਦੇ ਖ੍ਰੀਦਦਾਰਾਂ ਨਾਲ ਉਹਨਾਂ ਦਾ ਕੋਈ ਲੈਣਾਂ-ਦੇਣਾਂ ਨਹੀਂ ਨਹੀਂ ਅਤੇ ਉਹਨਾਂ ਨੇ ਇਸ ਸੰਬੰਧੀ ਆਪਣੇ ਸਾਰੇ ਸਬੂਤ ਵੀ ਅਦਾਲਤ ਵਿੱਚ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਵਿਜੀਲੈਂਸ ਕੋਲ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖਿਲਾਫ ਕੋਈ ਵੀ ਪੁਖਤਾ ਸਬੂਤ ਨਹੀਂ ਹੈ। ਉਹਨਾਂ ਕਿਹਾ ਕਿ ਅਦਾਲਤ ਵੱਲੋਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ 22 ਮਈ ਤੱਕ 5 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ।