ਫ਼ਰੀਦਕੋਟ: ਇਸ ਦੀਵਾਲੀ ਮੌਕੇ 1971 ਦੀ ਜੰਗ ਵਿਚ ਲਾਪਤਾ ਹੋਏ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਦਾ ਦਰਦ ਕੈਮਰੇ ਅੱਗੇ ਛਲਕਿਆ ਹੈ। ਸੁਰਜੀਤ ਸਿੰਘ ਦੀ ਘਰ ਵਾਪਸੀ ਲਈ ਸਾਲਾਂ ਤੋਂ ਸਰਕਾਰਾਂ ਦੇ ਦਫਤਰਾਂ ਦੀਆ ਠੋਕਰਾਂ ਖਾ ਖਾ ਕੇ ਅੱਕ ਚੁੱਕੇ ਪਰਿਵਾਰ ਨੇ ਆਖਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇੱਛਾ ਮੌਤ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਮੰਗ ਰੱਖੀ ਹੈ। ਫੌਜੀ ਸੁਰਜੀਤ ਸਿੰਘ ਦੇ ਲੜਕੇ ਅਮਰੀਕ ਸਿੰਘ ਨੇ ਮੀਡੀਆ ਰਾਹੀਂ ਆਪਣੀ ਇਹ ਮੰਗ ਸਰਕਾਰਾਂ ਤੱਕ ਪਹੁੰਚਾਏ ਜਾਣ ਦੀ ਗੁਹਾਰ ਲਗਾਈ ਹੈ।
ਕੀ ਹੈ ਪੂਰਾ ਮਾਮਲਾ: ਦਰਅਸਲ ਫਰੀਦਕੋਟ ਦੇ ਨਾਲ ਲਗਦੇ ਪਿੰਡ ਦਾ ਰਹਿਣ ਵਾਲਾ ਸੁਰਜੀਤ ਸਿੰਘ ਭਾਰਤੀ ਫੌਜ ਦਾ ਸਿਪਾਹੀ ਸੀ ਅਤੇ 1971 ਦੀ ਜੰਗ ਦੌਰਾਨ ਸ਼ਾਂਬਾਂ ਸੈਕਟਰ ਤੋਂ ਲਾਪਤਾ ਹੋ ਗਿਆ ਸੀ। ਜਦ ਫੌਜੀ ਸੁਰਜੀਤ ਸਿੰਘ ਲਾਪਤਾ ਹੋਇਆ ਤਾਂ ਉਸ ਦੇ ਵਿਆਹ ਨੂੰ ਮਹਿਜ ਡੇਢ ਸਾਲ ਦਾ ਸਮਾਂ ਹੋਇਆ ਸੀ ਅਤੇ ਉਸ ਦੇ ਇਕਲੌਤੇ ਪੁੱਤ ਦੀ ਉਮਰ ਮਹਿਜ 1 ਮਹੀਨਾਂ ਸੀ। ਸਮਾਂ ਪਾ ਕੇ ਭਾਰਤੀ ਫੌਜ ਵੱਲੋਂ ਸੁਰਜੀਤ ਸਿੰਘ ਨੂੰ ਸਹੀਦ ਐਲਾਨ ਦਿੱਤਾ ਗਿਆ ਅਤੇ ਸਹਾਦਤ ਦਾ ਸਾਰਟੀਫੀਕੇਟ ਵੀ ਪਰਿਵਾਰ ਨੂੰ ਸੌਪਿਆ ਗਿਆ, ਪਰ ਕੁਝ ਸਾਲ ਪਹਿਲਾਂ ਪਾਕਿਸਤਾਨ ਸਰਕਾਰ ਵੱਲੋਂ ਮਨਾਏ ਗਏ 300 ਸਾਲਾ ਖਾਲਸਾ ਸਾਜਨਾਂ ਦਿਵਸ ਮੌਕੇ ਕੁਝ ਭਾਰਤੀ ਕੈਦੀਆਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ ਸੀ ਜਿੰਨਾਂ ਵਿਚੋਂ ਕੁਝ ਕੈਦੀਆਂ ਨੇ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਦੱਸਿਆ ਕਿ ਫੌਜੀ ਸੁਰਜੀਤ ਸਿੰਘ ਜਿੰਦਾ ਹੈ ਅਤੇ ਪਾਕਿਸਤਾਨ ਦੀ ਕੋਟਲਖਪਤ ਜੇਲ੍ਹ ਵਿਚ ਬੰਦ ਹੈ।
ਪਰਿਵਾਰ ਦੀ ਉਸ ਵਕਤ ਖੁਸੀ ਦਾ ਕੋਈ ਟਿਕਾਣਾਂ ਨਹੀਂ ਸੀ ਰਿਹਾ। ਪਰ ਇਹ ਖੁਸੀ ਹੁਣ ਉਨ੍ਹਾਂ ਲਈ ਨਾਸੂਰ ਬਣ ਗਈ ਹੈ। ਕਿਉਕਿ ਜਿੱਥੇ ਪੂਰਾ ਪਰਿਵਾਰ ਸੁਰਜੀਤ ਸਿੰਘ ਨੂੰ ਸਹੀਦ ਮੰਨ ਕੇ ਸਭ ਕੁਝ ਭੁਲਾ ਕੇ ਆਪਣੀ ਜਿੰਦਗੀ ਜੀਅ ਰਿਹਾ ਸੀ ਉਹਨਾਂ ਨੂੰ ਸੁਰਜੀਤ ਸਿੰਘ ਦੇ ਜਿੰਦਾ ਹੋਣ ਦੀ ਖਬਰ ਨੇ ਮੁੜ ਉਸੇ ਮੋੜ ਤੇ ਲਿਆ ਖੜ੍ਹੇ ਕੀਤਾ ਜਿਸ ਨੂੰ ਭੁਲਾ ਕੇ ਉਨ੍ਹਾਂ ਜਿੰਦਗੀ ਜਿਉਣਾਂ ਸੁਰੂ ਕੀਤਾ ਸੀ। ਉਸ ਦਿਨ ਤੋਂ ਇਸ ਪਰਿਵਾਰ ਲਈ ਹਰ ਖੁਸੀ ਦਾ ਦਿਨ ਤਿਉਹਾਰ ਹੌਕਿਆ ਵਿਚ ਤਬਦੀਲ ਹੋ ਜਾਂਦਾ।ਕਈ ਸਰਕਾਰਾਂ ਕੇਂਦਰ ਅਤੇ ਪੰਜਾਬ ਵਿਚ ਬਦਲ ਗਈਆਂ, ਪਰ ਅੱਜ ਤੱਕ ਸੁਰਜੀਤ ਸਿੰਘ ਫੌਜੀ ਦੇ ਪਰਿਵਾਰ ਦੇ ਹੱਥ ਸਫਲਤਾ ਨਹੀਂ ਲੱਗੀ।