ਫਰੀਦਕੋਟ: ਅੱਜ ਸਵੇਰੇ ਦਿਨ ਚੜ੍ਹਦੇ ਹੀ ਫਰੀਦਕੋਟ ਪੁਲਿਸ ਨੂੰ ਤਲਵੰਡੀ ਭਾਈ ਕੋਟਕਪੂਰਾ ਨਹਿਰ ਬਾਈਪਾਸ (Kotakpura Canal Bypass) ਉੱਤੇ ਸੜਕ ਕਿਨਾਰੇ ਪਈ ਇਕ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਜਿਸ ਉੱਤੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦਾ । ਮ੍ਰਿਤਕ ਪਾਸੋਂ ਮਿਲੇ ਦਸਤਾਵੇਜਾਂ ਦੇ ਅਧਾਰ ਉੱਤੇ ਮ੍ਰਿਤਕ ਦੀ ਪਹਿਚਾਣ ਫਰੀਦਕੋਟ ਦੀ ਡੋਗਰ ਬਸਤੀ ਦੇ ਰਹਿਣ ਵਾਲੇ 30 ਸਾਲਾ ਗੁਰਪ੍ਰੀਤ ਸਿੰਘ (30 year old Gurpreet Singh) ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਹੈ ਉਹ ਬਠਿੰਡਾ ਵਿਖੇ ਸ਼ਰਾਬ ਠੇਕੇਦਾਰ (Liquor contractor) ਨਾਲ ਰੇਡ ਪਾਰਟੀ ਵਿਚ ਕੰਮ ਕਰਦਾ ਸੀ ਅਤੇ ਮਹੀਨਾਂ 20 ਦਿਨਾਂ ਤੋਂ ਘਰ ਵਾਪਸ ਆਉਂਦਾ ਸੀ। ਉਹਨਾਂ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਉਸ ਦੇ ਭਰਾ ਦੀ ਉਸ ਦੀ ਮਾਤਾ ਨਾਲ ਗੱਲ ਹੋਈ ਸੀ ਕਿ ਉਹ 4 ਅਕਤੂਬਰ ਨੂੰ ਘਰ ਆਵੇਗਾ। ਉਹਨਾਂ ਦੱਸਿਆ ਕਿ ਪਰ ਅੱਜ ਦਿਨ ਚੜ੍ਹਦੇ ਹੀ ਪੀਸੀਆਰ ਮੁਲਾਜਮ (PCR staff ) ਉਹਨਾਂ ਦੇ ਘਰ ਗਏ ਅਤੇ ਥਾਨੇ ਬੁਲਾਇਆ ਅਤੇ ਉਹਨਾਂ ਨੂੰ ਗੁਰਪ੍ਰੀਤ ਦੀ ਮੌਤ ਬਾਰੇ ਥਾਨੇ ਆ ਕੇ ਪਤਾ ਚੱਲਿਆ। ਉਹਨਾਂ ਕਿਹਾ ਕਿ ਮ੍ਰਿਤਕ ਦੀ ਹਾਲਤ ਵੇਖ ਕੇ ਲਗਦਾ ਹੈ ਕਿ ਉਸ ਦਾ ਕਿਸੇ ਨੇ ਕਤਲ ਕੀਤਾ ਹੈ। ਉਹਨਾਂ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।