ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦਾ ਨਾਮ ਸੁਣਦੇ ਹੀ ਸਾਲ 2015 ਦੇ ਅਕਤੂਬਰ 14 ਦੀ ਉਹ ਸਵੇਰ ਦਾ ਪੂਰਾ ਮੰਜਰ ਅੱਖਾਂ ਅੱਗੇ ਘੁੰਮ ਜਾਂਦਾ ਹੈ ਜਦੋਂ ਪਹਿਲਾਂ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿੱਚ ਅਤੇ ਫਿਰ ਬਹਿਬਲ ਕਲਾਂ ਨੈਸ਼ਨਲ ਹਾਈਵੇ 54 ਉੱਤੇ ਬੇਅਦਬੀ ਖ਼ਿਲਾਫ਼ ਧਰਨਾ ਦੇ ਰਹੀ ਸਿੱਖ ਸੰਗਤ ਉੱਤੇ ਸਰਕਾਰੀ ਤਸ਼ੱਦਦ ਤਹਿਤ ਗੋਲੀ ਚਲਾਈ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਈ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮਾਂ ਬਣਨ ਦੇ ਬਾਵਜੂਦ ਇਹਨਾਂ ਮਾਮਲਿਆ ਵਿੱਚ ਹਾਲੇ ਤੱਕ ਕੋਈ ਵੀ ਤਸੱਲੀਬਖ਼ਸ਼ ਕਾਰਵਾਈ ਸਾਹਮਣੇ ਨਹੀਂ ਆਈ। ਪੀੜਤ ਪਰਿਵਾਰ ਅਤੇ ਇਹਨਾਂ ਮਾਮਲਿਆ ਦੇ ਗਵਾਹ ਅੱਜ ਤੱਕ ਇਨਸਾਫ ਦੀ ਉਡੀਕ ਵਿੱਚ ਸਰਕਾਰਾਂ ਖਿਲਾਫ ਸਿਵਾਏ ਰੋਸ ਪ੍ਰਕਟ ਕਰਨ ਦੇ ਕੁੱਝ ਵੀ ਕਰਨ ਤੋਂ ਅਸਮਰੱਥ ਜਾਪ ਰਹੇ ਨੇ।
ਵਿਸ਼ੇਸ਼ ਜਾਂਚ ਟੀਮਾਂ ਦੀ ਕਾਰਗੁਜਾਰੀ ਉੱਤੇ ਸਵਾਲ:ਜੇਕਰ ਗੱਲ ਕਰੀਏ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਤਾਂ ਇਸ ਮਾਮਲੇ ਨਾਲ ਸੰਬੰਧਿਤ ਕਰੀਬ 7 ਅਹਿਮ ਗਵਾਹਾਂ ਵੱਲੋਂ ਫਰੀਦਕੋਟ ਅਦਾਲਤ ਵਿੱਚ ਇੱਕ ਅਰਜੀ ਦਾਖਲ ਕਰਕੇ ਆਪਣੇ ਬਿਆਨ ਮੁੜ ਤੋਂ ਕਲਮਬੱਧ ਕੀਤੇ ਜਾਣ ਦੀ ਜਿੱਥੇ ਮੰਗ ਕੀਤੀ ਗਈ ਹੈ, ਉੱਥੇ ਹੀ ਉਹਨਾਂ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਅਤੇ ਕਰ ਰਹੀ ਦੋਹਾਂ ਵਿਸ਼ੇਸ਼ ਜਾਂਚ ਟੀਮਾਂ ਦੀ ਕਾਰਗੁਜਾਰੀ ਉੱਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇੱਕ ਜਾਂਚ ਟੀਮ ਨੇ ਉਹਨਾਂ ਦੇ ਬਿਆਨ ਆਪਣੇ ਮੁਤਾਬਿਕ ਲਿਖੇ ਅਤੇ ਦੂਜੀ ਜਾਂਚ ਟੀਮ ਨੇ ਉਹਨਾਂ ਦੇ ਬਿਆਨ ਦਰਜ ਹੀ ਨਹੀਂ ਕੀਤੇ। ਇਸ ਅਰਜੀ ਉੱਤੇ ਸੁਣਵਾਈ 21 ਜੁਲਾਈ ਨੂੰ ਹੋਣੀ ਹੈ ਅਤੇ ਅਦਾਲਤ ਇਸ ਉੱਤੇ ਕੀ ਫੈਸਲਾ ਦਿੰਦੀ ਹੈ ਇਹ ਸਮਾਂ ਹੀ ਤੈਅ ਕਰੇਗਾ।