ਫਰੀਦਕੋਟ: ਕਰੀਬ 13/14 ਸਾਲ ਤੋਂ ਘਰੋਂ ਫਰਾਰ ਹੋਏ ਗੈਂਗਸਟਰ ਤੀਰਥ ਢਿੱਲਵਾਂ ਦੇ ਪਿਤਾ ਲਛਮਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਤੀਰਥ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ। ਉਨ੍ਹਾਂ ਦੱਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਲਾਡਲਾ ਜ਼ੁਰਮ ਦੀ ਦੁਨੀਆ ਵਿੱਚ ਜਾ ਵੜੇਗਾ। ਉਨ੍ਹਾਂ ਦੱਸਿਆ ਕਿ ਕਿਸੇ ਘਰੇਲੂ ਮਜ਼ਬੂਰੀ ਦੇ ਚੱਲਦੇ ਤੀਰਥ ਫਰਾਰ ਹੋ ਗਿਆ ਅਤੇ ਮੁੜ ਵਾਪਸ ਘਰ ਨਹੀਂ ਪਰਤਿਆ।
ਤੀਰਥ 3 ਭੈਣਾਂ ਦਾ ਇਕਲੌਤਾ ਭਰਾ: ਪਰਿਵਾਰ ਨੇ ਹੁਣ ਬੀਤੇ ਕਰੀਬ ਸਾਢੇ 3 ਸਾਲ ਤੋਂ ਉਹ ਜੇਲ੍ਹ ਵਿਚ ਬੰਦ ਹੈ ਅਤੇ ਸਾਡੇ ਨਾਲ ਉਸ ਦੀ ਜੇਲ੍ਹ ਦੇ ਸਰਕਾਰੀ ਫੋਨ ਤੋਂ ਗੱਲਬਾਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਮਜਬੂਰੀ ਵਸ ਉਹ ਫਰਾਰ ਹੋਇਆ ਸੀ ਤੇ ਉਸ ਤੋਂ ਬਾਅਦ ਮੁੰਡਿਆਂ ਨਾਲ ਅਜਿਹਾ ਰਲਿਆ ਕਿ ਉਸ ਦੇ ਨਾਮ ਨਾਲ ਗੈਂਗਸਟਰ ਸ਼ਬਦ ਜੁੜ ਗਿਆ। ਉਨ੍ਹਾਂ ਦੱਸਿਆ ਕਿ ਤੀਰਥ 3 ਭੈਣਾਂ ਦਾ ਇਕਲੌਤਾ ਭਰਾ ਹੈ।
ਪਿਤਾ ਨੇ ਹੱਥ ਜੋੜ ਨੌਜਵਾਨ ਪੀੜ੍ਹੀ ਨੂੰ ਕੀਤੀ ਅਪੀਲ:ਇਸ ਦੌਰਾਨ ਤੀਰਥ ਦੇ ਪਿਤਾ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜੋ ਗੈਂਗਸਟਰ ਕਲਚਰ ਨੂੰ ਉਹ ਆਪਣਾ ਰਹੇ ਹਨ ਇਹ ਰਾਹ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ਚੱਲ ਕਿ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਉਨ੍ਹਾਂ ਅਜਿਹੇ ਹਲਾਤਾਂ ਲਈ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਦੱਸਦਿਆਂ ਅਪੀਲ ਕੀਤੀ ਕਿ ਗਲਤ ਰਸਤੇ ਪੈ ਚੁੱਕੇ ਨੌਜਵਾਨਾਂ ਨੂੰ ਮੁਕਾਬਲਿਆਂ ਵਿੱਚ ਮਾਰਨਾ ਇਸ ਮਸਲੇ ਦਾ ਹੱਲ ਨਹੀਂ ਸਗੋਂ ਸਰਕਾਰ ਅਜਿਹੇ ਹਾਲਾਤ ਪੈਦਾ ਕਰੇ ਕਿ ਕੋਈ ਵੀ ਜ਼ੁਰਮ ਦੀ ਦੁਨੀਆ ਵਲ ਮੂੰਹ ਨਾ ਕਰੇ। ਗੈਂਗਸਟਰ ਦੇ ਪਿਤਾ ਨੇ ਕਿਹਾ ਕਿ ਜੋ ਇਸ ਦਲਦਲ ਵਿੱਚ ਫਸ ਚੁਕੇ ਹਨ ਉਨ੍ਹਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਸਰਕਾਰ ਕਰੇ।