ਫ਼ਰੀਦਕੋਟ:ਜ਼ਿਲ੍ਹੇ ਦੇ ਪਿੰਡ ਔਲਖ ਵਿੱਚ ਇੱਕ ਲੜਕੇ ਨੂੰ ਰੱਸੀ ਨਾਲ ਬੰਨ੍ਹ ਕੁੱਟ-ਕੁੱਟ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲੇ 'ਚ ਕੋਟਕਪੂਰਾ ਸਦਰ ਪੁਲਿਸ ਨੇ ਮ੍ਰਿਤਕ ਦੇ ਸੁਹਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੌਰਤਲਬ ਹੈ ਕੇ ਫਰੀਦਕੋਟ ਦੇ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਮਕ 28 ਸਾਲ ਦੇ ਲੜਕੇ ਦਾ ਆਪਣੇ ਹੀ ਪਿੰਡ ਦੀ ਕੁੜੀ ਨਾਲ ਪਿਆਰ ਪੈ ਗਿਆ। ਜਿਨ੍ਹਾਂ ਨੇ ਕਰੀਬ ਚਾਰ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ, ਪਰ ਥੋੜੇ ਦਿਨਾਂ ਬਾਅਦ ਉਹ ਵਾਪਿਸ ਪਿੰਡ ਆ ਗਏ ਸਨ, ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਦੋਵਾਂ ਨੂੰ ਮਿਲਣਾ ਨਹੀਂ ਚਾਹੁੰਦੇ ਸਨ, ਪਰ ਲੜਕੀ ਆਪਣੇ ਘਰ ਆ ਗਈ ਸੀ, ਲੜਕੀ ਦਾ ਪਰਿਵਾਰ ਉਸ ਨੂੰ ਬਾਹਰ ਨਹੀਂ ਜਾਣ ਦਿੰਦਾ ਸੀ।
ਪਿਤਾ ਨੂੰ ਪਸੰਦ ਨਹੀਂ ਸੀ ਜਵਾਈ, ਉਜਾੜਿਆ ਧੀ ਦਾ ਘਰ - ਫਰੀਦਕੋਟ ਵਿੱਚ ਜਵਾਈ ਦਾ ਕਤਲ
ਫਰੀਦਕੋਟ ਵਿੱਚ ਪ੍ਰੇਮ ਵਿਆਹ ਤੋਂ ਨਾਰਾਜ਼ਗੀ ਦੇ ਚੱਲਦੇ ਹੋਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮਾਮਲੇ ਵਿੱਚ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਚਸ਼ਮਦੀਦਾਂ ਮੁਤਬਿਕ ਇੱਕ ਰਾਤ ਪਹਿਲਾਂ ਲੜਕਾ-ਲੜਕੀ ਨੂੰ ਮਿਲਣ ਉਸ ਦੇ ਘਰ ਗਿਆ, ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਅਤੇ ਉਸ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਨੇ ਕਾਰਵਾਈ ਕਰਦੇ ਹੋਏ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ।
ਜਾਂਚ ਅਧਿਕਾਰੀ ਦਾ ਪੱਖ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਔਲਖ 'ਚ ਗੁਰਇਕਬਾਲ ਸਿੰਘ ਨਾਮਕ ਲੜਕੇ ਦੇ ਕ਼ਤਲ ਮਾਮਲੇ 'ਚ 302 ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਲੜਕੀ ਦੇ ਪਿਤਾ ਗੁਰਜੀਤ ਸਿੰਘ, ਲੜਕੀ ਦੇ ਭਰਾ ਦਿਲਪ੍ਰੀਤ ਸਿੰਘ, ਲੜਕੀ ਦੀ ਭੂਆ ਕੁਲਵੰਤ ਕੌਰ ਅਤੇ ਇੱਕ ਹੋਰ ਵਿਅਕਤੀ ਕੁਲਵੰਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਵਿੱਚ ਇੱਕ ਗ੍ਰਿਫ਼ਤਾਰੀ ਹੋ ਗਈ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।