ਫਰੀਦਕੋਟ :ਸੂਬੇ ਵਿਚ ਵਧ ਰਿਹਾ ਚਾਈਨਾ ਡੋਰ ਦਾ ਰੁਝਾਨ ਇਨਸਾਨਾਂ, ਪੰਛੀਆਂ ਤੇ ਜਾਨਵਰਾਂ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਆਏ ਦਿਨ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਕਿ ਚਾਈਨਾਂ ਡੋਰ ਨਾਲ ਕਿਸੇ ਨਾ ਕਿਸੇ ਦਾ ਨੁਕਸਾਨ ਹੁੰਦਾ ਹੈ ਪਰ ਇਸ ਦੀ ਵਰਤੋਂ ਘਟਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਨਾ ਵੇਚਣ ਵਾਲੇ ਤੇ ਨਾ ਹੀ ਇਸ ਦੀ ਵਰਤੋਂ ਕਰਨ ਵਾਲੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਵਰਤੋਂ ਨਾ ਕਰਨ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਜ਼ਿਆਦਾਤਰ ਲੋਕਾਂ ਵੱਲੋਂ ਇਸ ਵੀ ਧਿਆਨ ਨਾ ਦੇਕੇ ਧੜੱਲੇ ਨਾਲ ਇਸ ਦੀ ਵਿਕਰੀ ਤੇ ਵਰਤੋਂ ਕੀਤੀ ਜਾਂਦੀ ਹੈ।
ਇਸ ਵਿਰੁੱਧ ਹੁਣ ਫਰੀਦਕੋਟ ਦੀਆ ਸਮੂਹ ਸਮਾਜਸੇਵੀ ਸੰਸਥਾਵਾਂ ਨੇ ਇਕ ਵੱਡਾ ਫੈਸਲੇ ਲਿਆ ਹੈ, ਜਿਸ ਵਿਚ ਉਨ੍ਹਾਂ ਐਲਾਨ ਕੀਤਾ ਹੈ ਕਿ ਚਈਨਾ ਡੋਰ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10,000 ਰੁਪਏ ਇਨਾਮ ਵਜੋਂ ਦਿਤੇ ਜਾਣਗੇ ਤੇ ਉਸਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸਦੇ ਨਾਲ ਹੀ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਫਰੀਦਕੋਟ ਦੀਆਂ ਉਕਤ ਦੁਕਾਨਾਂ ਬਾਹਰ ਪੋਸਟਰ ਲਗਉਣ ਦਾ ਸਿਲਸਲਾ ਵੀ ਅੱਜ ਸ਼ੁਰੂ ਕਰ ਦਿਤਾ ਹੈ। ਪੋਸਟਰਾਂ ਉਤੇ ਲਿਖਿਆ ਗਿਆ ਹੈ ਕਿ ਪਲਾਸਟਿਕ ਦੀ ਡੋਰ ਜਾਨਲੇਵਾ ਹੈ ਇਸ ਦੁਕਾਨ ਉਤੇ ਇਸਦੀ ਵਿਕਰੀ ਨਹੀਂ ਹੁੰਦੀ। ਇਸ ਡੋਰ ਦੀ ਮੰਗ ਨਾ ਕੀਤੀ ਜਾਵੇ।