ਪੰਜਾਬ

punjab

ETV Bharat / state

SIT ਨੂੰ ਸ਼ੱਕ; ਐਸ.ਐਸ.ਪੀ. ਮੋਗਾ ਦੀ ਜਿਪਸੀ 'ਤੇ ਝੂਠੀ ਗੋਲੀਬਾਰੀ ਕੀਤੀ ਸੀ !

ਫ਼ਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਕਲਾਂ ਗੋਲੀ ਕਾਂਡ ਦੀ ਘਟਨਾ 'ਚ ਗ੍ਰਿਫ਼ਤਾਰ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਚਰਨਜੀਤ ਸ਼ਰਮਾ ਨੂੰ ਬੀਤੀ 27 ਜਨਵਰੀ ਨੂੰ ਹੁਸ਼ਿਆਰਪੁਰ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਕੀਤੀ ਗਈ ਸੀ। ਐਸ.ਆਈ.ਟੀ. ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ।

ਸੁਖਰਾਜ

By

Published : Feb 5, 2019, 11:39 PM IST

ਬਹਿਬਲ ਕਲਾਂ ਗੋਲੀ ਕਾਂਡ 'ਚ ਮਰਨ ਵਾਲੇ ਕ੍ਰਿਸ਼ਣ ਭਗਵਾਨ ਦੇ ਬੇਟੇ ਸੁਖਰਾਜ ਦੇ ਵਕੀਲ ਸਿਮਰਨਜੀਤ ਸਿੰਘ ਸੇਖਾਂ ਨੇ ਦੱਸਿਆ ਕਿ ਐਸ.ਆਈ.ਟੀ. ਵੱਲੋਂ ਚਰਨਜੀਤ ਸਿੰਘ ਸ਼ਰਮਾ ਕੋਲੋਂ 12 ਬੋਰ ਦੀ ਉਹ ਰਾਇਫ਼ਲ ਬਰਾਮਦ ਕੀਤੀ ਜਾਣੀ ਹੈ ਜਿਸ ਤੋਂ ਘਟਨਾ ਵਾਲੇ ਦਿਨ ਉਨ੍ਹਾਂ ਦੀ ਜਿਪਸੀ ਉੱਤੇ ਗੋਲੀਬਾਰੀ ਕੀਤੀ ਗਈ ਸੀ। ਉਧਰ ਬਹਿਬਲ ਗੋਲੀ ਕਾਂਡ ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਇਰਾਦਾ-ਏ-ਕਤਲ ਦੀ ਐਫ਼.ਆਰ.ਆਈ. ਹੁਣ ਉਨ੍ਹਾਂ ਨੂੰ ਹੀ ਫਸਾਉਂਦੀ ਨਜ਼ਰ ਆ ਰਹੀ ਹੈ।

ਆਖ਼ਰ ਕਿਸ ਦੀ ਗੋਲੀ ਨਾਲ ਮਾਰੇ ਗਏ ਦੋਵੇਂ ਨੌਜਵਾਨ ? :
ਸਿਮਰਨਜੀਤ ਸਿੰਘ ਸੇਖਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ 'ਚ ਦਰਜ ਮਾਮਲੇ ਵਿੱਚ ਤਤਕਾਲੀਨ ਐਸ.ਐਸ.ਪੀ. ਮੋਗਾ ਚਰਨਜੀਤ ਸਿੰਘ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਆਦਿ ਦੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਨੇ ਆਪਣੇ ਬਚਾਅ 'ਚ ਗੋਲੀਆਂ ਚਲਾਈਆਂ ਸਨ। ਐਸ.ਆਈ.ਟੀ. ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਡਿਊਟੀ 'ਤੇ ਤੈਨਾਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਹਥਿਆਰਾਂ ਦੇ ਨਾਲ ਸਾਰੇ ਕਾਰਤੂਸ ਵੀ ਜਮਾਂ ਕਰਵਾ ਦਿੱਤੇ ਸਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਪੁਲਿਸ ਨੇ ਕੋਈ ਗੋਲੀ ਹੀ ਨਹੀਂ ਚਲਾਈ ਤਾਂ ਕਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋਈ ਸੀ ?

ਐਸ.ਐਸ.ਪੀ. ਦੇ ਮਾੜੇ ਵਤੀਰੇ ਕਾਰਨ ਭੜਕਿਆ ਮਾਮਲਾ :
ਐਸ.ਆਈ.ਟੀ. ਦੀ ਪੜਤਾਲ ਦੌਰਾਨ ਇਹ ਵੀ ਸੱਚਾਈ ਸਾਹਮਣੇ ਆਈ ਹੈ ਕਿ ਘਟਨਾ ਸਮੇਂ ਐਸ.ਐਸ.ਪੀ. ਚਰਨਜੀਤ ਸਿੰਘ ਸ਼ਰਮਾ ਅਤੇ ਉਨ੍ਹਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਮਾੜੇ ਵਤੀਰੇ ਮਗਰੋਂ ਮਾਮਲਾ ਭੜਕਿਆ ਸੀ। ਇਸ ਦੇ ਇਲਾਵਾ ਉਸ ਦਿਨ ਐਸ.ਐਸ.ਪੀ. ਮੋਗਾ ਦੀ ਜਿਪਸੀ 'ਤੇ 12 ਬੋਰ ਦੀ ਰਾਇਫ਼ਲ ਨਾਲ ਗੋਲੀਬਾਰੀ ਕੀਤੀ ਸੀ ਪਰ ਪੁਲਿਸ ਕਿਸੇ ਵਲੋਂ ਵੀ ਉਕਤ ਰਾਇਫ਼ਲ ਬਰਾਮਦ ਨਹੀਂ ਕਰ ਸਕੀ। ਹਾਲਾਂਕਿ ਐਸ.ਐਸ.ਪੀ. ਦੀ ਜਿਪਸੀ ਦੇ ਡਰਾਈਵਰ ਨੇ ਐਸ.ਆਈ.ਟੀ. ਦੇ ਕੋਲ ਦਿੱਤੇ ਬਿਆਨ ਵਿੱਚ ਆਪਣੀ ਸਰਕਾਰੀ ਜਿਪਸੀ 'ਤੇ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਹੋਣ ਦੀ ਗੱਲ ਨਹੀਂ ਕਬੂਲੀ। ਹੁਣ ਐਸ.ਆਈ.ਟੀ. ਨੂੰ ਸ਼ੱਕ ਹੈ ਹੈ ਕਿ ਪੁਲਿਸ ਨੇ ਆਪਣੇ ਬਚਾਅ ਲਈ ਹੀ ਐਸ.ਐਸ.ਪੀ. ਮੋਗਾ ਦੀ ਜਿਪਸੀ 'ਤੇ ਝੂਠੀ ਗੋਲੀਬਾਰੀ ਕੀਤੀ ਸੀ।

ਜੇ ਭੀੜ ਨੇ ਪਹਿਲਾਂ ਗੋਲੀ ਚਲਾਈ ਤਾਂ ਹੁਣ ਤਕ ਕਿਉਂ ਨਹੀਂ ਮਿਲਿਆ ਹਥਿਆਰ : ਸੁਖਰਾਜ
ਇਸ ਮੌਕੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਰਨ ਵਾਲੇ ਕ੍ਰਿਸ਼ਣ ਭਗਵਾਨ ਦੇ ਬੇਟੇ ਸੁਖਰਾਜ ਨੇ ਕਿਹਾ ਕੀ ਧਰਨਾਕਾਰੀ ਸ਼ਾਂਤੀਮਈ ਬੈਠੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਗੋਲੀਆਂ ਚਲਾਈਆਂ ਸਨ। ਉਸ ਨੇ ਸਵਾਲ ਕੀਤਾ ਕਿ ਜੇ ਭੀੜ ਵੱਲੋਂ ਗੋਲੀ ਪਹਿਲਾਂ ਚੱਲੀ ਤਾਂ ਹੁਣ ਤੱਕ ਪੁਲਿਸ ਕੋਈ ਹਥਿਆਰ ਕਿਉਂ ਨਹੀਂ ਜ਼ਬਤ ਕਰ ਸਕੀ ਹੈ।

ABOUT THE AUTHOR

...view details