ਫ਼ਰੀਦਕੋਟ: ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਫਾਉਂਡੇਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਨਵੰਬਰ ਤੋਂ ਪਹਿਲੀ ਵਾਰ ਹੋਣ ਜਾ ਰਹੇ "ਸਿੱਖ ਫੁਟਬਾਲ ਕੱਪ 2019" ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਸਾਬਤ ਸੂਰਤ ਗੁਰਸਿੱਖ ਨੌਜਵਾਨ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ।
ਉੱਥੇ ਹੀ, 2-2 ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਅਭਿਆਸ ਮੈਚ ਵੀ ਸ਼ੁਰੂ ਕੀਤੇ ਗਏ ਹਨ ਜਿਸ ਦੇ ਤਹਿਤ ਫ਼ਰੀਦਕੋਟ ਵਿੱਚ ਫ਼ਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਦਾ ਅਭਿਆਸ ਮੈਚ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਖ਼ਿਡਾਰੀਆਂ ਨੇ ਕਿਹਾ ਕਿ ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਫਾਉਂਡੇਸ਼ਨ ਵਲੋਂ ਜੋ ਗੁਰਸਿੱਖ ਨੌਜਵਾਨ ਖਿਡਾਰੀਆਂ ਦੀਆਂ ਨਵੇਕਲੀਆਂ ਟੀਮਾਂ ਬਣਾ ਕੇ ਪਹਿਲੀ ਵਾਰ "ਸਿੱਖ ਫੁੱਟਬਾਲ ਕੱਪ" ਕਰਵਾਇਆ ਜਾ ਰਿਹਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜਵਾਨ ਖੇਡਾਂ ਪ੍ਰਤੀ ਉਤਸ਼ਾਹਿਤ ਹੋਣਗੇ, ਉਸ ਦੇ ਨਾਲ ਹੀ ਸਿੱਖੀ ਸਰੂਪ ਨਾਲ ਵੀ ਜੁੜਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਵੀ ਹੈ ਅਤੇ ਮਾਣ ਵੀ ਹੈ ਕਿ ਉਹ ਇਸ ਫੁੱਟਬਾਲ ਕੱਪ ਵਿਚ ਹਿੱਸਾ ਲੈ ਰਹੇ ਹਨ।