ਫਰੀਦਕੋਟ :ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਪ੍ਰਮੁੱਖ ਖਿਲਾਫ ਬੀਤੀ 18 ਮਾਰਚ ਤੋਂ ਵੱਡੇ ਪੱਧਰ ਉੱਤੇ ਪੁਲਿਸ ਕਾਰਵਾਈ ਚੱਲ ਰਹੀ। ਪਿਛਲੇ ਕਰੀਬ 5 ਦਿਨਾਂ ਤੋਂ ਅਮ੍ਰਿਤਪਾਲ ਸਿੰਘ ਪੁਲਿਸ ਮੁਤਾਬਿਕ ਲਗਾਤਾਰ ਫਰਾਰ ਚੱਲ ਰਿਹਾ, ਜਿਸਨੂੰ ਲੈ ਕੇ ਪੂਰੇ ਪੰਜਾਬ ਅੰਦਰ ਹਾਈ ਐਲਰਟ ਕੀਤਾ ਹੋਇਆ। ਪਰ ਇਸ ਹਾਈ ਐਲਰਟ ਦਾ ਫਰੀਦਕੋਟ ਵਿਚ ਕੋਈ ਬਹੁਤ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਤਾਜਾ ਮਿਸਾਲ ਸ਼ਹਿਰ ਦੇ ਮੈਡੀਕਲ ਹਸਪਤਾਲ ਵਿਚ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਇਕ ਨੌਜਵਾਨ ਨੇ ਆਪਸੀ ਰੰਜਿਸ ਦੇ ਕਾਰਣ ਦੂਜੇ ਨੌਜਵਾਨ ਉੱਤੇ ਸ਼ਰੇਆਮ ਗੋਲੀ ਚਲਾ ਦਿੱਤੀ। ਹਾਲਾਂਕਿ ਨੌਜਵਾਨ ਬਚ ਗਿਆ ਅਤੇ ਉਸਦਾ ਕਿਸੇ ਤਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਤ ਨੌਜਵਾਨ ਨਵੀਨ ਕੁਮਾਰ ਨੇ ਦੱਸਿਆ ਕਿ ਉਹ ਰੈਡ ਕਰਾਸ ਸੰਸਥਾ ਦੀ ਮੈਡੀਕਲ ਦੀ ਦੁਕਾਨ ਉੱਤੇ ਫਾਰਮਾਸਿਸਟ ਵਜੋਂ ਨੌਕਰੀ ਕਰਦਾ ਹੈ ਅਤੇ ਉਸ ਦੁਕਾਨ ਉੱਤੇ ਇਕ ਨੌਜਵਾਨ ਆ ਕੇ ਮੈਨੇਜਰ ਦੀ ਕੁਰਸੀ ਉੱਤੇ ਬੈਠਿਆ ਅਤੇ ਜਦੋਂ ਉਸਨੂੰ ਰੋਕਿਆ ਗਿਆ ਤਾਂ ਉਸਨੇ ਧੱਕਾ ਮੁਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਜਿਸ ਖਿਲਾਫ ਉਸ ਵਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ। ਅੱਜ ਉਹ ਨੌਜਵਾਨ ਮੁੜ ਦੁਕਾਨ ਉੱਤੇ ਆਇਆ ਅਤੇ ਧਮਕੀਆਂ ਦਿੰਦਾ ਹੋਇਆ ਨੇੜਲੀ ਦੁਕਾਨ ਉੱਤੇ ਚਲਾ ਗਿਆ। ਉਹਨਾਂ ਦੱਸਿਆ ਕਿ ਜਦੋਂ ਉਹ ਉਸ ਸ਼ਖਸ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸਨੇ ਗੋਲੀ ਚਲਾ ਦਿੱਤੀ। ਹਾਲਾਂਕਿ ਉਸਦਾ ਬਚਾਅ ਹੋ ਗਿਆ।