ਫ਼ਰੀਦਕੋਟ: ਗੁਰਦੁਆਰਾ ਖਾਲਸਾ ਦੀਵਾਨ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ 6 ਸਰਕਲਾਂ ਦੇ ਪ੍ਰਧਾਨਾਂ ਦੀ ਚੋਣ ਜ਼ਿਲ੍ਹਾ ਫ਼ਰੀਦਕੋਟ ਦੇ ਅਬਜਰਬਰ ਗੁਲਜ਼ਾਰ ਸਿੰਘ ਰਣੀਕੇ ਦੀ ਦੇਖ-ਰੇਖ ਹੇਠ ਹਲਕਾ ਇੰਚਾਰਜ ਅਤੇ ਪਾਰਟੀ ਦੇ ਸਪੋਕਸਮੈਨ ਪਰਮਬੰਸ਼ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਹੋਈ। ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ 4 ਦਿਹਾਤੀ ਅਤੇ 2 ਸ਼ਹਿਰੀ ਸਰਕਲਾਂ ਦੇ ਪ੍ਰਧਾਨਾਂ ਦੀ ਚੋਣ ਸਰਬਸੰਮਤੀ ਦੇ ਨਾਲ ਨੇਪਰੇ ਚੜ੍ਹੀ।
ਇਸ ਮੌਕੇ ਗੱਲਬਾਤ ਕਰਦਿਆਂ ਪਾਰਟੀ ਦੇ ਸਪੋਕਸਮੈਨ ਅਤੇ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਪਾਰਟੀ ਵਲੋਂ ਕੁਝ ਸਮਾਂ ਪਹਿਲਾਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਾਰਟੀ ਦੇ ਡੈਲੀਗੇਟ ਚੁਣੇ ਗਏ ਸਨ ਅਤੇ ਹੁਣ ਇਨ੍ਹਾਂ ਡੈਲੀਗੇਟਾਂ ਵਲੋਂ ਸਰਕਲਾਂ ਦੇ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ।