ਫ਼ਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਜਿੱਥੇ ਸੀਬੀਆਈ ਅਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਅਦਾਲਤ ਵਿੱਚ ਪਹੁੰਚੇ ਹਨ। ਉੱਥੇ ਹੀ ਹੁਣ ਇਸ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਮੰਨੇ ਜਾਂਦੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਮੌਤ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮਹਿੰਦਰਪਾਲ ਬਿੱਟੂ ਦਾ ਪਰਿਵਾਰ ਫ਼ਰੀਦਕੋਟ ਅਦਾਲਤ ਪਹੁੰਚਿਆ ਹੈ।
ਪਰਿਵਾਰ ਨੇ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕਰ ਮਹਿੰਦਰਪਾਲ ਬਿੱਟੂ ਦੀ ਮੌਤ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਵਕੀਲ ਵਿਨੋਦ ਕੁਮਾਰ ਨੇ ਦੱਸਿਆ ਕਿ ਬੇਅਦਬੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮਹਿੰਦਰਪਾਲ ਬਿੱਟੂ ਦਾ ਨਿਊ ਨਾਭਾ ਜੇਲ੍ਹ ਅੰਦਰ ਕਤਲ ਹੋ ਗਿਆ ਸੀ।