ਫਰੀਦਕੋਟ: ਜ਼ਿਲੇ ਅੰਦਰ 250 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਸ਼ੁਰੂ ਕੀਤਾ ਕੰਮ ਜਿਸ ਨੂੰ ਮਹਿਜ਼ ਢਾਈ ਸਾਲ ਚ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਕਰੀਬ ਛੇ ਸਾਲ ਤੋਂ ਅੱਧ ਵਿਚਾਕਰ ਲਟਕੇ ਸੀਵਰੇਜ਼ ਦਾ ਕੰਮ ਹੁਣ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ ਹਨਂ।ਇਸੇ ਸਮੱਸਿਆ ਤੋਂ ਪਰੇਸ਼ਾਨ ਬਲਬੀਰ ਬਸਤੀ ਦੇ ਸਮੂਹ ਨਿਵਾਸੀਆਂ ਵੱਲੋਂ ਸੜਕ ਦੀ ਮਾੜੀ ਹਾਲਤ ਤੋਂ ਪਰੇਸ਼ਾਨ ਹੋਕੇ ਸ਼ਹਿਰ ਦੀ ਮੁੱਖ ਸੜਕ ਨੂੰ ਜ਼ਾਮ ਕਰ ਧਰਨਾਂ ਲਗਾ ਦਿੱਤਾ ਅਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜ਼ਮ ਕੇ ਨਾਹਰੇਬਾਜ਼ੀ ਕੀਤੀ।
ਇਸ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸੀਵਰੇਜ਼ ਪਾਉਣ ਲਈ ਪੱਟੀ ਗਈ ਸੜਕ ਨੂੰ ਹਲੇ ਤੱਕ ਨਹੀਂ ਬਣਾਇਆ ਗਿਆ ਜਿਸ ਕਾਰਨ ਸੜਕ ਚ ਡੂੰਘੇ ਡੂੰਘੇ ਟੋਏ ਪੈ ਚੁੱਕੇ ਹਨ ਜੋ ਹਾਦਸਿਆਂ ਦਾ ਕਾਰਨ ਬਣੇ ਹੋਏ ਹਨ ਅਤੇ ਅਜਿਹੀ ਸੜਕ ਤੋਂ ਮਹਿਲਾਵਾਂ ਅਤੇ ਬੱਚਿਆਂ ਦਾ ਆਉਣਾ ਜਾਣਾ ਹੋਰ ਵੀ ਮੁਸ਼ਕਿਲ ਹੋ ਚੁੱਕਾ ਹੈ ਅਤੇ ਕਈ ਹਾਦਸੇ ਹੋ ਚੁਕੇ ਹਨ।
ਉਨ੍ਹਾਂ ਕਿਹਾ ਕਿ ਮੀਹਂ ਦੇ ਦਿਨਾਂ ਚ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਨ ਇਸ ਇਲਾਕੇ ਚ ਕਈ ਕਈ ਦਿਨ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕੇ ਅੱਜ ਤੋਂ ਹੀ ਇਸ ਸੜਕ ਤੇਂ ਟੋਏ ਭਰਨ ਦਾ ਕੰਮ ਸ਼ੁਰੂ ਹੋ ਜਵੇਗਾ ਅਤੇ ਸੜਕ ਦੇ ਕੰਮ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ, ਪਰ ਜੇਕਰ 20 ਦਿਨਾਂ ਦੇ ਅੰਦਰ ਸਾਡੀਆਂ ਸਮਾਸਿਆਵਾਂ ਦਾ ਹੱਲ ਨਾ ਨਿਕਲਿਆ ਤਾਂ ਅਸੀਂ ਮੁੜ ਤੋਂ ਇਹ ਸੜਕ ਪੱਕੇ ਤੌਰ ਤੇ ਜਾਮ ਕਰ ਧਰਨਾ ਸ਼ੁਰੂ ਕਰ ਦੇਵਾਂਗੇ।