ਫ਼ਰੀਦਕੋਟ : ਉੱਚ ਸਿੱਖਿਆ ਅਤੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ਾਂ ਦੀ ਧਰਤੀ ਦਾ ਰੁਖ਼ ਕਰਨ ਵਾਲੇ ਨੌਜਵਾਨ ਕਿਸ ਹਾਲਾਤ ਵਿੱਚ ਰਹਿੰਦੇ ਹਨ ਇਹ ਕਿਸੇ ਤੋਂ ਛੁਪਿਆ ਨਹੀ, ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆ ਉੱਪਰ ਜੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪਿੱਛੇ ਬੈਠਾ ਪਰਿਵਾਰ ਪਛਤਾਵੇ ਦੇ ਸਿਵਾਏ ਕੁੱਝ ਨਹੀ ਕਰ ਪਾਉਂਦਾ।
ਅਜਿਹਾ ਹੀ ਸੰਤਾਪ ਭੋਗਣਾ ਪੈ ਰਿਹਾ ਹੈ ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਇੱਕ ਪਰਿਵਾਰ ਨੂੰ ਜਿਨ੍ਹਾਂ ਦਾ ਨੌਜਵਾਨ ਪੁੱਤਰ ਕਰੀਬ ਡੇਢ ਸਾਲ ਪਹਿਲਾਂ ਆਪਣੀ ਪੜਾਈ ਦਾ ਸੁਪਨਾ ਲੈ ਕੇ ਅਤੇ ਪਰਿਵਾਰ ਨੂੰ ਕਾਮਯਾਬੀ ਦੇ ਸੁਪਨੇ ਦਿਖਾ ਕੇ ਵਿਦੇਸ਼ ਦੀ ਧਰਤੀ 'ਤੇ ਗਿਆ ਤਾਂ ਜਰੂਰ ਪਰ ਥੋੜ੍ਹੀ ਦੇਰ ਬਾਅਦ ਹੀ ਇਹ ਸੁਪਨਾ ਚਕਨਾਚੂਰ ਹੋ ਗਿਆ ਜਦੋਂ ਉਸ ਦੇ ਪਰਿਵਾਰ ਨੂੰ ਉਸਦੀ ਮੌਤ ਦੀ ਸੂਚਨਾ ਮਿਲੀ।
ਹੁਣ ਇਸ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ। ਉਹਨਾਂ ਦੇ ਪੁੱਤਰ ਦੀ ਲਾਸ਼ ਛੇਤੀ ਭਾਰਤ ਲਿਆਉਣ ਵਿੱਚ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਪੁੱਤਰ ਦਾ ਆਖ਼ਰੀ ਵਾਰ ਚਿਹਰਾ ਵੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕਣ।
ਮ੍ਰਿਤਕ ਨੌਜਵਾਨ ਦੇ ਪਿਤਾ ਭਗਵਾਨ ਦਾਸ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਵੱਡਾ ਪੁੱਤਰ ਨੌਕਰੀ ਕਰਦਾ ਹੈ ਅਤੇ ਉਨ੍ਹਾਂ ਦਾ ਛੋਟਾ ਪੁੱਤਰ ਰੌਕਸੀ ਚਾਵਲਾ ਜਿਸਦੀ ਉਮਰ 24 ਸਾਲ ਸੀ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਕੈਨੇਡਾ ਉੱਚ ਸਿੱਖਿਆ ਵਾਸਤੇ ਗਿਆ ਸੀ, ਪਰ ਉੱਥੋਂ ਦੇ ਮੌਸਮ ਕਾਰਨ ਉਸ ਦੀ ਤਬੀਅਤ ਖ਼ਰਾਬ ਰਹਿੰਦੀ ਸੀ। ਇਸ ਕਾਰਨ ਉਹ ਇੱਕ ਵਾਰ ਪੰਜਾਬ ਵਾਪਸ ਵੀ ਆ ਗਿਆ ਸੀ। ਪਰ ਉਹ ਦੁਬਾਰਾ ਕੈਨੇਡਾ ਚਲਾ ਗਿਆ, ਜਿਥੇ ਉਸ ਨੇ ਵੈਂਨਕੁਵਰ ਦੇ ਸਰੀ ਸ਼ਹਿਰ ਵਿੱਚ ਪੜਾਈ ਦੇ ਨਾਲ-ਨਾਲ ਨੌਕਰੀ ਸ਼ੁਰੂ ਕਰ ਦਿੱਤੀ, ਇਥੇ ਰਹਿ ਕੇ ਉਹ ਬਹੁਤ ਖ਼ੁਸ਼ ਸੀ।