ਫਰੀਦਕੋਟ: ਕੈਨੇਡਾ ਅਤੇ ਭਾਰਤ ਵਿਚਾਲੇ ਕੁਝ ਰਾਜਨੀਤਿਕ ਅਤੇ ਸੰਵੇਦਨਸ਼ੀਲ ਕਾਰਨਾਂ ਕਰਕੇ ਤਲਖ਼ ਹੋਈਆਂ ਪਰਸਥਿਤੀਆਂ ਨੇ ਕਰਿਅਰ ਦੇ ਸ਼ਿਖਰ ਵੱਲ ਵਧ ਰਹੇ ਇਕ ਹੋਣਹਾਰ ਪੰਜਾਬੀ ਗਾਇਕ ਸ਼ੁਭਨੀਤ ਦੇ ਕਰਿਅਰ 'ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ, ਜਿਸ ਵੱਲੋਂ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਦਿੱਤੇ ਗਏ ਇਕ ਬਿਆਨ ਦਾ ਹਵਾਲਾ ਦਿੰਦਿਆਂ ਇੰਡੀਆ ਵਿਚ ਉਸ ਦੇ ਹੋਣ ਵਾਲੇ ਵੱਡੇ ਸੰਗੀਤ ਕਾਨਸਰਟ ਸੰਗੀਤਕ ਟੂਰ ‘ਸਟਿਲ ਰੋਲਿਨ’ ਨੂੰ ਆਯੋਜਕਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੰਗੀਤਕ ਜਗਤ ਤੋਂ ਕਈ ਕਲਾਕਾਰਾਂ ਵਲੋਂ ਸ਼ੁਭ ਦੀ ਹਮਾਇਤ ਕੀਤੀ ਗਈ ਤਾਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਵੀ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। (Singer Shubh Controversy)
ਰਾਜਾ ਵੜਿੰਗ ਨੇ ਕੀਤਾ ਟਵੀਟ:ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਕਾਂਗਰਸ ਵਲੋਂ ਅਸੀਂ ਖਾਲਿਸਤਾਨ ਦੇ ਵਿਚਾਰ ਦਾ ਪੁਰਜ਼ੋਰ ਵਿਰੋਧ ਕਰਦਾ ਹਾਂ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਿਲਾਫ ਸਰਗਰਮੀ ਨਾਲ ਆਪਣੀਆਂ ਲੜਾਈਆਂ ਲੜੀਆਂ ਹਨ, ਮੈਂ ਸਾਡੇ ਨੌਜਵਾਨਾਂ 'ਤੇ ਲੇਬਲ ਲਗਾਉਣ ਦਾ ਸਖ਼ਤ ਵਿਰੋਧ ਕਰਦਾ ਹਾਂ। ਇਸ ਦੇ ਨਾਲ ਹੀ ਸ਼ੁਭ ਨੂੰ ਟੈਗ ਕਰਦਿਆਂ ਵੜਿੰਗ ਨੇ ਲਿਖਿਆ ਕਿ ਜੋ ਪੰਜਾਬ ਲਈ ਦੇਸ਼ ਵਿਰੋਧੀ ਬੋਲਦੇ ਹਨ। ਅਸੀਂ ਪੰਜਾਬੀਆਂ ਨੂੰ ਆਪਣੇ ਰਾਸ਼ਟਰਵਾਦ ਬਾਰੇ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਕੁਝ ਤਾਕਤਾਂ ਵੱਲੋਂ ਸਾਨੂੰ ਕਮਜ਼ੋਰ ਕਰਨ ਲਈ ਪੰਜਾਬੀਆਂ ਵਿਰੁੱਧ ਕੀਤਾ ਜਾ ਰਿਹਾ ਇਹ ਪ੍ਰਚਾਰ ਅਤਿ ਨਿੰਦਣਯੋਗ ਹੈ। ਸਾਡੇ ਨੌਜਵਾਨਾਂ ਨੂੰ ਖਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਨਕਾਰਿਆ ਜਾਣਾ ਚਾਹੀਦਾ ਹੈ। ਜੈ ਹਿੰਦ! ਜੈ ਪੰਜਾਬ!
ਹਨੀ ਸਿੰਗ ਨੇ ਕੀਤਾ ਸਮਰਥਨ: ਉਧਰ ਇਸ ਅੋਖੀ ਘੜ੍ਹੀ ਵਿਚ ਕਈ ਪੰਜਾਬੀ ਨਾਮੀ ਫ਼ਨਕਾਰ ਗਾਇਕ ਸ਼ੁਭ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਜਿੰਨ੍ਹਾਂ ਵਿਚੋਂ ਹੀ ਇਕ ਪੰਜਾਬੀ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਆਖ਼ਦੇ ਹਨ "ਸ਼ੁਭ, ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੇ ਭਰਾ, ਤੁਸੀ ਭਵਿੱਖ ਹੋ। ਮੇਰੇ ਛੋਟੇ ਵੀਰ ਅੱਗੇ ਵਧਦੇ ਰਹੋ, ਚਮਕਦੇ ਰਹੋ, ਦਿਨ ਕਦੇ ਇਕ ਜਿਹੇ ਨਹੀਂ ਰਹਿੰਦੇ , ਜੇਕਰ ਅੱਜ ਹੰਨ੍ਹੇਰਾ ਹੈ ਤਾਂ ਰੋਸ਼ਨੀਆਂ ਭਰੀ ਸਵੇਰ ਵੀ ਜਰੂਰ ਆਵੇਗੀ।"
ਗਾਇਕ ਸ਼ੁਭ ਆਪਣੇ ਭਰਾ ਰਵਨੀਤ ਨਾਲ
ਗੈਰੀ ਸੰਧੂ ਨੇ ਦਿੱਤਾ ਸਾਥ ਨਾਲ ਕੀਤੀ ਅਪੀਲ: ਗਾਇਕ ਗੈਰੀ ਸੰਧੂ ਵੀ ਸ਼ੁਭ ਦੇ ਹੱਕ ‘ਚ ਨਿੱਤਰੇ ਹਨ। ਜਿੰਨ੍ਹਾਂ ਉਸ ਪ੍ਰਤੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਕਿਹਾ ਕਿ "ਜੋ ਕੁਝ ਵੀ ਗਾਇਕ ਸ਼ੁਭ ਨਾਲ ਹੋ ਰਿਹਾ ਹੈ, ਇਹ ਬੇਹੱਦ ਮੰਦਭਾਗਾ ਹੈ, ਕਿਉਂਕਿ ਕਿਸੇ ਗਾਇਕ ਚਾਹੇ ਉਹ ਨਵਾਂ ਹੋਵੇ ਜਾਂ ਪੁਰਾਣਾ ਉਸ ਨੂੰ ਰਾਜਨੀਤਿਕ ਮਸਲਿਆਂ ਵਿਚ ਉਲਝਾਉਣਾ ਕਿਸੇ ਵੀ ਤਰ੍ਹਾਂ ਵਾਜ਼ਿਬ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਹੋਰਨਾਂ ਗਾਇਕ ਸਾਥੀਆਂ ਨੂੰ ਵੀ ਇਹ ਕਹਿਣਾ ਚਾਹਾਂਗਾਂ ਕਿ ਸਾਨੂੰ ਇੱਕ ਦੂਜੇ ਦੇ ਲਈ ਖੜਨਾ ਚਾਹੀਦਾ ਹੈ ਨਾ ਕਿ ਮੂਕ ਦਰਸ਼ਕ ਬਣਦਿਆਂ ਇਹ ਸਭ ਵੇਖਦੇ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਪਰ-ਸਥਿਤੀਆਂ ਦਾ ਸਾਹਮਣਾ ਕੱਲ ਕਿਸੇ ਹੋਰ ਫ਼ਨਕਾਰ ਨੂੰ ਵੀ ਕਰਨਾ ਪੈ ਸਕਦਾ ਹੈ।
ਰਾਜਨੀਤਿਕ ਪਰਸਥਿਤੀਆਂ ਦਾ ਸ਼ਿਕਾਰ:ਕੈਨੇਡਾ ਦੇ ਟਰਾਟੋਂ ਰਹਿੰਦੇ ਅਤੇ ਪੰਜਾਬੀ ਸੰਗੀਤਕ ਖੇਤਰ ਵਿਚ ਬਤੌਰ ਗਾਇਕ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਪੰਜਾਬੀ ਮੂਲ ਨੌਜਵਾਨ ਗਾਇਕ ਸ਼ੁਭਕਰਮਨ ਸਿੰਘ ਨੇ ਵੀ ਸ਼ੁਭ ਨਾਲ ਲਪੇਟੇ ਜਾ ਰਹੇ ਸਬੰਧਤ ਵਿਵਾਦ ਨੂੰ ਲੈ ਕੇ ਆਪਣੀ ਪ੍ਰਤਿਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ "ਪੰਜਾਬੀ ਗਾਇਕਾਂ ਨੇ ਭਾਈਚਾਰਕ ਸਾਂਝਾਂ ਨੂੰ ਮਜਬੂਤੀ ਦੇਣ ਅਤੇ ਹੱਦਾਂ ਸਰਹੱਦਾਂ ਨੂੰ ਮਿਟਾਉਣ ਵਿਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਉਨਾਂ ਕਿਹਾ ਕਿ ਸ਼ੁਭ ਦਾ ਉਦੇਸ਼ ਕਦੇ ਵੀ ਉਹ ਨਹੀਂ ਰਿਹਾ, ਜਿਸ ਨੂੰ ਪ੍ਰਤੀਬਿੰਬ ਕਰ ਦਿੱਤਾ ਗਿਆ ਹੈ। ਬਲਕਿ ਉਹ ਆਪਣੀ ਧਰਤੀ 'ਤੇ ਹੋਣ ਜਾ ਰਹੇ ਆਪਣੇ ਪਲੇਠੇ ਸੰਗੀਤਕ ਟੂਰ ਨੂੰ ਲੈ ਕੇ ਕੁਝ ਜਿਆਦਾ ਹੀ ਉਤਸ਼ਾਹਿਤ ਸੀ, ਜਿਸ ਨੂੰ ਰਾਜਨੀਤਿਕ ਪਰਸਥਿਤੀਆਂ ਦਾ ਸ਼ਿਕਾਰ ਹੁੰਦਿਆਂ ਵੇਖ ਸ਼ਾਇਦ ਉਸ ਨੇ ਆਪਣਾ ਵਲਵਲ੍ਹਾ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਤੋੜ ਮਰੋੜ ਕੇ ਕਿਸੇ ਹੋਰ ਹੀ ਵਿਵਾਦਿਤ ਰੰਗ ਵਿਚ ਰੰਗ ਦਿੱਤਾ ਗਿਆ। ਉਨਾਂ ਕਿਹਾ ਕਿ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਸ਼ੁਭ ਜਲਦੀ ਹੀ ਇਸ ਘੁੰਮਨਘੇਰੀਆਂ ਵਿਚ ਬਾਹਰ ਨਿਕਲ ਆਉਣਗੇ ਅਤੇ ਇਕ ਵਾਰ ਫ਼ਿਰ ਇਕ ਨਵੇਂ ਜੋਸ਼ ਨਾਲ ਆਪਣੇ ਚਾਹੁਣ ਵਾਲਿਆਂ ਅਤੇ ਅਪਣੇ ਅਸਲ ਮਿੱਟੀ ਦੇ ਜ਼ਾਇਆ ਸਨਮੁੱਖ ਹੋਣਗੇ।
ਸ਼ੁਭ ਨੇ ਰੱਖਿਆ ਸੀ ਆਪਣਾ ਪੱਖ: ਇਸ ਵਿਚਾਲੇ ਆਪਣੀ ਚੁੱਪੀ ਨੂੰ ਤੋੜਦਿਆਂ ਗਾਇਕ ਸ਼ੁਭ ਨੇ ਕਿਹਾ ਹੈ ਕਿ ਭਾਰਤ ਮੇਰਾ ਵੀ ਦੇਸ਼ ਹੈ, ਕਿਉਂ ਕਿ ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ ਅਤੇ ਇਸ ਦੀ ਆਨ-ਬਾਨ-ਸ਼ਾਨ ਨੂੰ ਠੇਸ ਪਹੁੰਚਾਉਣਾ ਨਾਂ ਕਦੇ ਇਰਾਦਾ ਰਿਹਾ ਹੈ ਅਤੇ ਨਾਂ ਹੀ ਰਹੇਗਾ। ਮੇਰੇ ਗੁਰੂਆਂ ਪੀਰਾਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਅਜ਼ਾਦੀ, ਇਸ ਦੀ ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਕਰਨ ਲਈ ਅੱਖ ਤੱਕ ਨਹੀਂ ਝਪਕਾਈ ਅਤੇ ਇਸੇ ਕਾਰਨ ਪੰਜਾਬ ਮੇਰੀ ਰੂਹ ਹੈ, ਮੇਰੇ ਖ਼ੂਨ ਵਿੱਚ ਹੈ ਅਤੇ ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ।
ਯੂ ਟਿਊਬ 'ਤੇ ਪਾਏ ਗੀਤ ਨਾਲ ਗਾਇਕੀ ਦੀ ਸ਼ੁਰੂਆਤ: ਸਾਲ 2021 ਵਿੱਚ ਅਪਣੇ ਗਾਣੇ 'ਵੀ ਰੋਲਿੰਨ' ਤੋਂ ਚਰਚਾ ਵਿੱਚ ਆਏ ਇਸ ਪ੍ਰਤਿਭਾਸ਼ਾਲੀ ਅਤੇ ਨੌਜਵਾਨ ਗਾਇਕ ਦੁਆਰਾ ਗਾਏ 'ਏਲੀਵੇਟਡ' ਅਤੇ 'ਨੋ ਲਵ' ਵਰਗੇ ਕਈ ਗਾਣੇ ਸੰਗੀਤਕ ਖੇਤਰ ਵਿਚ ਮਕਬੂਲੀਅਤ ਦੇ ਨਵੇਂ ਆਯਾਮ ਸਿਰਜਣ ਵਿਚ ਸਫ਼ਲ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਸੰਗੀਤਕ ਸਫ਼ਰ ਦਾ ਰਸਮੀ ਆਗਾਜ਼ 17 ਸਤੰਬਰ 2021 ਵਿਚ ਆਏ ਪਹਿਲੇ ਗਾਣੇ 'ਵੀ ਰੋਲਿਨ' ਨਾਲ ਕੀਤਾ ਗਿਆ, ਜੋ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਅਤੇ ਇਸ ਦਾ ਸਿਰਫ਼ ਆਡੀਓ ਹੀ ਰਿਲੀਜ਼ ਕੀਤਾ ਗਿਆ ਸੀ , ਪਰ ਹੈਰਾਨੀਜਨਕ ਇਹ ਰਿਹਾ ਕਿ ਇਸ ਨੂੰ ਹੁਣ ਤੱਕ 20 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸ਼ੁਭ ਨੇ ਖ਼ੁਦ ਹੀ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਸੀ।