ਫਰੀਦਕੋਟ:ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਤੋਂ ਵੱਖ ਵੱਖ ਮਾਮਲਿਆ ਵਿੱਚ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਤਹਿਤ ਆਏ ਦਿਨ ਕਿਸੇ ਨਾਂ ਕਿਸੇ ਵੱਡੇ ਸਿਆਸੀ ਆਗੂ ਦੀ ਵਿਜੀਲੈਂਸ ਜਾਂਚ ਦੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਵਿਜੀਲੈਂਸ ਵਿਭਾਗ ਫਰੀਦਕੋਟ ਵੱਲੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ। ਕਰੀਬ ਡੇਢ ਘੰਟਾ ਚੱਲੀ ਪੁੱਛਗਿੱਛ ਵਿੱਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਵਕੀਲ ਸਮੇਤ ਪਹੁੰਚੇ ਸਨ।
ਸਾਬਕਾ ਵਿਧਾਇਕ ਦਾ ਸਪੱਸ਼ਟੀ ਕਰਨ:ਕਿੱਕੀ ਢਿੱਲੋਂ ਜਦੋਂ ਵਿਜੀਲੈਂਸ ਦਫਤਰ ਤੋਂ ਬਾਹਰ ਆਏ ਤਾਂ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਸੀ। ਇਸ ਲਈ ਉਹ ਆਪਣੇ ਇਨਕਮ ਟੈਕਸ ਵਕੀਲ ਸਮੇਤ ਵਿਜੀਲੈਂਸ ਦਫਤਰ ਪਹੁੰਚੇ ਸਨ ਅਤੇ ਕਰੀਬ ਡੇਢ ਘੰਟੇ ਤੱਕ ਉਹਨਾਂ ਨੇ ਵਿਜੀਲੈਂਸ ਵਿਭਾਗ ਵੱਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਦੱਸਿਆ ਸੀ ਕਿ ਉਹਨਾਂ ਖਿਲਾਫ ਕੋਈ ਸ਼ਿਕਾਇਤ ਆਈ ਹੈ, ਪਰ ਇਹ ਨਹੀਂ ਦੱਸਿਆ ਕਿ ਸ਼ਿਕਾਇਤ ਕੀਤੀ ਕਿਸ ਨੇ ਹੈ।
ਸਾਰਾ ਪਰਿਵਾਰ ਭਰਦਾ ਹੈ ਟੈਕਸ:ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਪਰਿਵਾਰ ਆਪਣੀ ਆਮਦਨ ਉੱਤੇ ਟੈਕਸ ਭਰਦਾ ਹੈ ਅਤੇ ਉਹਨਾਂ ਕੋਲ ਆਪਣੀ ਆਮਦਨ ਦਾ ਪੂਰਾ ਹਿਸਾਬ ਹੈ ਇਸ ਲਈ ਉਹਨਾਂ ਨੇ ਵਿਜੀਲੈਂਸ ਵਿਭਾਗ ਨੰ ਕਿਹਾ ਕਿ ਜੋ ਵੀ ਜਾਣਕਾਰੀ ਵਿਜੀਲੈਂਸ ਵਿਭਾਗ ਮੰਗੇਗਾ ਉਹ ਦੇਣ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਵੱਲੋਂ ਜੋ ਜੋ ਜਾਣਕਾਰੀ ਮੰਗੀ ਗਈ ਉਹਨਾਂ ਦੇ ਵਕੀਲ ਨੇ ਨੋਟ ਕਰ ਲਈ ਹੈ ਅਤੇ ਜਲਦ ਹੀ ਵਿਜੀਲੈਂਸ ਵਿਭਾਗ ਨੂੰ ਉਹ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਹਨਾਂ ਨਾਲ ਪੰਜਾਬ ਸਰਕਾਰ ਉੱਤੇ ਤੰਜ ਕਸਦਿਆ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਪਰ ਜਾਂਚ ਸਾਫ ਸੁਥਰੀ ਅਤੇ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ।ਉਹਨਾਂ ਨਾਲ ਹੀ ਕਿਹਾ ਬਾਕੀ ਸਰਕਾਰਾਂ ਦੇ ਕੰਮਾਂ ਦੀ ਜਾਂਚ ਕਰਵਾ ਰਹੀ ਪੰਜਾਬ ਸਰਕਾਰ ਨੂੰ ਆਪਣੀ ਵੀ ਜਾਂਚ ਕਰਵਾਉਣੀ ਚਾਹੀਦੀ ਕਿ ਕੀ ਹੁਣ ਕੁਰੱਪਸ਼ਨ ਬੰਦ ਹੋ ਗਈ ਹੈ ?