ਪੀੜਤ ਲੋਕਾਂ ਨੇ ਗੱਲਬਾਤ ਕਰਦਿਆ ਦੱਸਿਆ ਫਰੀਦਕੋਟ:ਪੰਜਾਬ ਭਰ ਵਿੱਚ ਜਿੱਥੇ ਤੇਜ਼ ਮੀਂਹ ਕਾਰਨ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਉੱਥੇ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਬਰਸਾਤ ਦੇ ਪਾਣੀ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੋਇਆ ਹੈ। ਇਸ ਦੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਵਿਚ ਸੰਧਵਾਂ ਰੋਡ ਉੱਤੇ ਪੈਂਦੇ ਕੋਠੇ ਚਹਿਲ ਵਿੱਚ ਕਰੀਬ 4 ਫੁੱਟ ਤੱਕ ਪਾਣੀ ਭਰ ਨਾਲ ਇੱਥੇ ਮੌਜੂਦ ਕਰੀਬ 30 ਘਰਾਂ ਅੰਦਰ ਪਾਣੀ ਭਰ ਗਿਆ ਅਤੇ ਲੋਕਾਂ ਦਾ ਪਿੰਡ ਨਾਲੋਂ ਸੰਪਰਕ ਟੁੱਟ ਗਿਆ। ਇਸ ਦੌਰਾਨ ਹੀ ਕਰੀਬ 3 ਦਿਨਾਂ ਤੋਂ ਭੁੱਖੇ 30 ਘਰਾਂ ਨੂੰ ਐਨ.ਡੀ.ਆਰ.ਐਫ ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਹੀ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਲੋਕਾਂ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ। ਜਦੋਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਖਾਣ-ਪੀਣ ਦੇ ਕੋਈ ਬਹੁਤੇ ਪ੍ਰਬੰਧ ਨਜ਼ਰ ਨਹੀਂ ਆਏ।
ਨਾਲੇ ਦੀ ਸਫਾਈ ਨਾ ਹੋਣ ਦੇ ਇਲਜ਼ਾਮ:-ਇਸ ਮੌਕੇ ਗੱਲਬਾਤ ਕਰਦਿਆ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢੇ ਪੀੜਤ ਲੋਕਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਤੇਜ਼ ਮੀਂਹ ਕਾਰਨ ਤੇ ਸੇਮ ਨਾਲੇ ਦੀ ਸਫਾਈ ਨਾ ਹੋਣ ਕਾਰਨ ਸੇਮ ਨਾਲੇ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਭਰ ਗਿਆ। ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਨਾਲੇ ਦੀ ਕਦੇ ਸਫਾਈ ਹੁੰਦੀ ਨਹੀਂ ਵੇਖੀ। ਲੋਕਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 3 ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਹਨ, ਪਰ ਕੋਈ ਵੀ ਮਦਦ ਲਈ ਨਹੀਂ ਆਇਆ।
ਸਰਕਾਰ ਨੂੰ ਮਦਦ ਲਈ ਗੁਹਾਰ:-ਪੀੜਤ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਭਰ ਚੁੱਕਿਆ ਅਤੇ ਕਿਸੇ ਵੇਲੇ ਵੀ ਮਕਾਨ ਡਿੱਗ ਸਕਦੇ ਹਨ। ਉਹਨਾਂ ਦੱਸਿਆ ਕਿ ਕਈ ਲੋਕਾਂ ਦੇ ਪਸੂ ਵੀ ਮਰ ਸਕਦੇ ਚੁੱਕੇ ਹਨ ਅਤੇ ਪਸੂਆਂ ਦੇ ਬੱਚਿਆਂ ਦਾ ਵੀ ਕੋਈ ਪਤਾ ਨਹੀਂ ਕਿ ਸੁਰੱਖਿਅਤ ਰਹਿਣਗੇ ਜਾਂ ਨਹੀਂ। ਉਹਨਾਂ ਕਿਹਾ ਕਿ ਫਿਲਹਾਲ ਸਾਨੂੰ ਬਾਹਰ ਕੱਢਿਆ ਗਿਆ, ਪਰ ਅਸੀਂ ਹਾਲੇ ਵੀ ਭੁੱਖੇ ਪਿਆਸੇ ਹਾਂ, ਸਾਡੇ ਲਈ ਕੋਈ ਖਾਣ-ਪੀਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਹੈ ਅਤੇ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
30 ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ:- ਇਸ ਮੌਕੇ ਗੱਲਬਾਤ ਕਰਦਿਆਂ ਕਾਨੂੰਗੋ ਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਵਿੱਚ ਫਸੇ ਲੋਕਾਂ ਦੀ ਮਦਦ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਾਣੀ ਵਿੱਚ ਡੁੱਬੇ ਕਰੀਬ 30 ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਹਨਾਂ ਲੋਕਾਂ ਨੂੰ ਪਿੰਡ ਚਹਿਲ ਦੀ ਧਰਮਸ਼ਾਲਾ ਵਿੱਚ ਰੱਖਿਆ ਜਾਵੇਗਾ ਅਤੇ ਇਹਨਾਂ ਨੂੰ ਜ਼ਰੂਰੀ ਵਸਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।
ਸਥਿਤੀ ਕੰਟਰੋਲ ਵਿੱਚ:- ਇਸ ਦੌਰਾਨ ਹੀ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ, ਫਰੀਦਕੋਟ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਇੱਥੇ ਕੁੱਝ ਪਰਿਵਾਰਾਂ ਦੇ ਫਸੇ ਹੋਣ ਬਾਰੇ ਪਤਾ ਚੱਲਿਆ ਸੀ, ਉਸੇ ਵਕਤ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਸੋਮਵਾਰ ਸਵੇਰ ਤੋਂ ਹੀ ਐਨ.ਡੀ.ਆਰ.ਐਫ. ਦੀਆਂ ਟੀਮਾਂ ਲਗਾ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਲੋੜਵੰਦ ਪਰਿਵਾਰਾਂ ਲਈ ਜ਼ਰੂਰੀ ਚੀਜ਼ਾਂ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇਗਾ।