ਫਰੀਦਕੋਟ: ਨਗਰ ਕੌਂਸਲ ਫਰੀਦਕੋਟ ਵਲੋਂ ਐਮਪੀਲੈਡ ਸਕੀਮ ਤਹਿਤ ਸ਼ਹਿਰ ਅੰਦਰ 5 ਜਨਤਕ ਥਾਵਾਂ ਉੱਤੇ ਖੋਲ੍ਹੇ ਗਏ ਪਖਾਨੇ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਨ੍ਹਾਂ ਬੰਦ ਪਏ ਜਨਤਕ ਪਖਾਨਿਆਂ ਦੇ ਬਾਹਰ ਧਰਨਾਂ ਦੇ ਕੇ ਇਨ੍ਹਾਂ ਨੂੰ ਆਮ ਪਬਲਿਕ ਲਈ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਮੌਕੇ ਉੱਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਇਨ੍ਹਾਂ ਪਖਾਨਿਆਂ ਨੂੰ ਖੁਲਵਾਏ ਜਾਣ ਲਈ ਗੁਜ਼ਾਰਿਸ਼ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀਂ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿਚ ਆਪਣੀ ਟਰਮ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਸ਼ਹਿਰ ਵਿਚ ਆਉਣ ਵਾਲੇ ਲੋਕਾਂ, ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ 5 ਜਨਤਕ ਥਾਵਾਂ ਉੱਤੇ ਪਖਾਨਿਆਂ ਦੀ ਉਸਾਰੀ ਕਰਵਾਈ ਸੀ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਪਰ ਬੀਤੇ ਕੁਝ ਸਮੇਂ ਤੋਂ ਇਹ ਪਖਾਨੇ ਬੰਦ ਪਏ ਹਨ।