ਘਟਨਾ ਦੀ ਜਾਣਕਾਰੀ ਦਿੰਦਾ ਨੌਜਵਾਨ ਤੇ ਪੁਲਿਸ ਫਰੀਦਕੋਟ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਣ ਲਈ ਪਹੁੰਚੇ। ਇਸੇ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸ਼ਾਮ ਲਾਲ ਬਜਾਜ ਦੇ ਘਰ ਅਫ਼ਸੋਸ ਕਰਨ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਪਿੰਡ ਦੇ ਨੌਜਵਾਨਾਂ ਅਤੇ ਨੌਜਵਾਨ ਭਰਾ ਸਭਾ ਦੇ ਕਾਰਕੁੰਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦਾ ਵਿਰੋਧ ਕੀਤਾ ਗਿਆ।
ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ: ਇਸ ਦੇ ਚੱਲਦੇ ਉਥੇ ਸੁਖਬੀਰ ਸਿੰਘ ਬਾਦਲ ਦੇ ਸਮੱਰਥਕਾਂ ਅਤੇ ਵਿਰੋਧ ਕਰਨ ਵਾਲਿਆਂ ਵਿਚ ਇੱਟਾਂ ਰੋੜੇ ਵੀ ਚੱਲੇ ਅਤੇ ਅਕਾਲੀ ਦਲ ਦੇ ਵਰਕਰਾਂ ਉਪਰ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਇਸ ਸਬੰਧੀ ਮੌਕੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁਝ ਲੋਕਾਂ ਵੱਲੋਂ ਇਕ ਸ਼ਖ਼ਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆ ਦਾ ਕਾਫਲਾ ਉਥੋਂ ਗੁਜਰ ਰਿਹਾ ਹੈ। ਇਸ ਦੌਰਾਨ ਪਤਾ ਚੱਲਿਆ ਹੈ ਕਿ ਪਿੰਡ ਦੀਪ ਸਿੰਘ ਵਾਲਾ ਦੇ ਰਹਿਣ ਵਾਲੇ ਮੰਗਲ ਸਿੰਘ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਅਕਾਲੀ ਵਰਕਰਾਂ 'ਤੇ ਗੁੰਡਾਗਰਦੀ ਦੇ ਦੋਸ਼: ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਭਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਫਰੀਦਕੋਟ ਅਦਾਲਤ ਵਿਚ ਤਰੀਕ 'ਤੇ ਆਇਆ ਹੋਇਆ ਸੀ, ਜਿਥੋਂ ਫਰੀਦਕੋਟ ਦੇ ਡੀਐਸਪੀ ਰੈਂਕ ਦੇ ਇਕ ਅਧਿਕਾਰੀ ਨੇ ਉਸ ਨੂੰ ਇਕ ਹੋਰ ਸਾਥੀ ਸਮੇਤ ਇਹ ਕਹਿ ਕਿ ਗ੍ਰਿਫਤਾਰ ਕਰ ਲਿਆ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰੋਗੇ। ਉਹਨਾਂ ਦੱਸਿਆ ਕਿ ਜਦ ਉਹਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਪਿੰਡ ਵਿੱਚ ਪਤਾ ਚੱਲਿਆ ਤਾਂ ਲੋਕ ਇਕੱਠੇ ਹੋ ਰਹੇ ਸਨ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਪਿੰਡ ਦੀਪ ਸਿੰਘ ਵਾਲਾ ਪਹੁੰਚ ਗਏ ਅਤੇ ਉਹਨਾਂ ਦੇ ਨਾਲ ਆਏ ਅਕਾਲੀਆਂ ਨੇ ਪਿੰਡ ਦੇ ਨੌਜਵਾਨਾਂ ਨਾਲ ਗੁੰਡਾਗਰਦੀ ਕਰਦੇ ਹੋਏ ਕੁੱਟਮਾਰ ਕੀਤੀ। ਜਿਸ ਵਿਚ ਇਕ ਨੌਜਵਾਨ ਦੇ ਕੱਪੜੇ ਪਾੜੇ ਗਏ ਅਤੇ ਦੂਸਰੇ ਨੌਜਵਾਨ ਮੰਗਲ ਸਿੰਘ ਦੀ ਕਾਫੀ ਕੁੱਟਮਾਰ ਕੀਤੀ ਗਈ, ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਨੌਜਵਾਨ ਨੇ ਪੁਲਿਸ ਅਧਿਕਾਰੀਆਂ 'ਤੇ ਲਾਏ ਇਲਜ਼ਾਮ: ਉਹਨਾਂ ਪੁਲਿਸ 'ਤੇ ਦੋਸ਼ ਲਗਾਏ ਕਿ ਪੁਲਿਸ ਨੇ ਜਾਣਬੁੱਝ ਕੇ ਨੌਜਵਾਨਾਂ ਦੀ ਕੁੱਟਮਾਰ ਇਸ ਲਈ ਕਰਵਾਈ ਹੈ ਕਿਉਕਿ ਨੌਜਵਾਨ ਭਾਰਤ ਸਭਾ ਵੱਲੋਂ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ਾ ਤਸਕਰਾਂ ਵੱਲੋਂ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਨੂੰ ਉਠਾਇਆ ਸੀ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਈ ਲਗਾਤਾਰ ਫਰੀਦਕੋਟ ਪੁਲਿਸ 'ਤੇ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਅਤੇ ਅਕਾਲੀ ਦਲ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਕਥਿਤ ਸ਼ਹਿ ਦਿੱਤੀ ਜਾਂਦੀ ਹੈ। ਇਸ ਲਈ ਜੋ ਵੀ ਵਾਪਰਿਆ ਉਹ ਸੁਖਬੀਰ ਸਿੰਘ ਬਾਦਲ ਦੀ ਸ਼ਹਿ 'ਤੇ ਵਾਪਰਿਆ। ਇਸ ਦੌਰਾਨ ਨੌਜਵਾਨ ਆਗੂ ਵਲੋਂ ਡੀਐਸਪੀ ਪੱਧਰ ਦੇ ਇਕ ਅਧਿਕਾਰੀ 'ਤੇ ਵੀ ਕਈ ਦੋਸ਼ ਲਗਾਏ ਗਏ।
ਡੀਐਸਪੀ ਵਲੋਂ ਮਾਮਲੇ ਦੀ ਜਾਂਚ ਦੀ ਆਖੀ ਗੱਲ: ਇਸ ਮਾਮਲੇ ਸੰਬੰਧੀ ਜਦੋਂ ਡੀਐਸਪੀ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਨਾਲ ਮੌਜੂਦ ਸਨ ਅਤੇ ਪਿੰਡ ਦੀਪ ਸਿੰਘ ਵਾਲਾ ਵਿੱਚ ਸੁਖਬੀਰ ਸਿੰਘ ਬਾਦਲ ਸਾਬਕਾ ਸਰਪੰਚ ਸ਼ਾਮ ਲਾਲ ਬਜਾਜ ਦੇ ਘਰ ਅਫ਼ਸੋਸ ਕਰਨ ਜਾ ਰਹੇ ਸਨ ਤਾਂ ਪਿੰਡ ਦੇ ਕੁਝ ਸ਼ਰਾਰਤੀ ਅਨਸਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਅੱਗੇ ਚੱਲ ਰਹੀ ਇਕ ਗੱਡੀ ਦੇ ਅੱਗੇ ਆ ਗਏ ਅਤੇ ਉਸ ਗੱਡੀ ਵਿਚ ਸਵਾਰ ਲੋਕਾਂ ਵੱਲੋਂ ਹੀ ਉਹਨਾਂ ਨੂੰ ਪਾਸੇ ਕੀਤਾ ਗਿਆ ਅਤੇ ਉਹਨਾਂ ਨਾਲ ਹੀ ਥੋੜੀ ਬਹੁਤ ਹੱਥੋਪਾਈ ਹੋਈ ਹੈ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਗੱਡੀ 'ਤੇ ਕੋਈ ਇੱਟ ਜਾਂ ਰੋੜਾ ਨਹੀਂ ਚੱਲਿਆ। ਉਹਨਾਂ ਕਿਹਾ ਕਿ ਜਦੋਂ ਕੋਈ ਕਿਸੇ ਦੇ ਘਰ ਅਫ਼ਸੋਸ ਕਰਨ ਜਾਂਦਾ ਹੈ ਤਾਂ ਅਜਿਹਾ ਕਰਨਾ ਗਲਤ ਹੈ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।