ਫਰੀਦਕੋਟ:ਸੂਬੇ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤੇ ਗਏ 6ਵੇਂ ਪੇ ਕਮਿਸ਼ਨ ਰਾਹੀ ਡਾਕਟਰਾਂ ਦਾ ਐੱਨਪੀਏ 5 ਫੀਸਦ ਘਟਾਉਣ ਅਤੇ ਤਨਖਾਹਾਂ ’ਚ ਕੱਟ ਲਗਾਉਣ ਦੇ ਮਾਮਲੇ ’ਚ ਡਾਕਟਰਾਂ ਵੱਲੋਂ ਰੋਸ ਪੰਜਾਬ ਸਰਕਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਸਿਹਤ ਸੇਵਾਵਾ ਮੁਕੰਮਲ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
'ਸਰਕਾਰ ਕਰੇ ਸਾਡੀਆਂ ਮੰਗਾਂ ਪੂਰੀਆਂ'
ਇਸ ਮੌਕੇ ਸਿਵਲ ਹਸਪਤਾਲ ਫਰੀਦਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਨੇ 6ਵੇਂ ਪੇ ਕਮਿਸ਼ਨ ਰਾਹੀਂ ਪੰਜਾਬ ਦੇ ਡਾਕਟਰਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦਾ ਨਾਨ ਪ੍ਰੈਕਟਿਸ ਅਲਾਊਂਸ ਜੋ ਕਿ ਬੇਸਿਕ ਪੇ ਦਾ 25 ਫੀਸਦ ਹੁੰਦਾ ਸੀ ਨੂੰ ਕੱਟ ਕੇ 20 ਫੀਸਦ ਕਰ ਦਿੱਤਾ ਹੈ। ਜਿਸ ਨਾਲ ਡਾਕਟਰਾਂ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਤਨਖ਼ਾਹਾਂ ਅਤੇ ਭੱਤੇ ਵਧਾਉਣ ਦੀ ਮੰਗ ਕਰ ਰਹੇ ਸੀ ਪਰ ਸਰਕਾਰ ਨੇ ਉਲਟਾ ਸਾਡੀਆਂ ਤਨਖ਼ਾਹਾਂ ਘਟਾ ਦਿੱਤੀਆਂ ਹਨ। ਇਸਦੇ ਨਾਲ ਹੀ ਇੱਕ ਹੋਰ ਪ੍ਰਦਰਸ਼ਨਕਾਰੀ ਡਾਕਟਰ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਭਾਜਪਾ ਸਰਕਾਰ ਸਮੇਂ ਤੋਂ ਹੀ ਮੁਲਾਜ਼ਮ ਵਿਰੋਧੀ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਾਰੇ ਸਰਕਾਰੀ ਡਾਕਟਰ ਨੌਕਰੀਆਂ ਛੱਡ ਨਿਜੀ ਹਸਪਤਾਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ।