ਫ਼ਰੀਦਕੋਟ: ਵੈਸੇ ਤਾਂ ਪੰਜਾਬ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰਦੀ ਆਮ ਵੇਖੀ ਜਾਂਦੀ ਹੈ ਉੱਥੇ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਥਾਣਾ ਜੈਤੋ ਦੇ ਮੁੱਖ ਅਫ਼ਸਰ ਮੁਖਤਿਆਰ ਸਿੰਘ ਦੀ ਗੱਡੀ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੈਤੋ ਸ਼ਹਿਰ ਦੇ ਲੋਕ ਐਸਐਚਓ ਦੇ ਇਸ ਰਵੱਈਏ 'ਤੇ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਐਸਐਚਓ ਆਪਣੇ ਰਾਜਸ਼ੀ ਅਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ ਹੈ ਜਦੋਂ ਕਿ ਆਏ ਦਿਨ ਸ਼ਹਿਰ ਅੰਦਰ ਵੱਡੀਆਂ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ।
ਕੀ ਹੈ ਪੂਰਾ ਮਾਮਲਾ?
ਬੀਤੇ ਦਿਨਾਂ ਤੋਂ ਹੀ ਵਿਧਾਨ ਸਭਾ ਹਲਕਾ ਜੈਤੋ ਦੀ ਇੱਕ ਵੀਡੀਓ ਸ਼ੋਸਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਥਾਣਾ ਜੈਤੋ ਦੇ ਮੁੱਖ ਅਫ਼ਸਰ ਦੀ ਸਰਕਾਰੀ ਗੱਡੀ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਂਸਦ ਮੁਹੰਮਦ ਸਦੀਕ ਦੇ ਇੱਕ ਰਿਸ਼ਤੇਦਾਰ ਦੀ ਨਿੱਜੀ ਗੱਡੀ ਦੇ ਅੱਗੇ ਚੱਲ ਰਹੀ ਹੈ।
ਲੋਕਾਂ ਦਾ ਅਫ਼ਸਰ 'ਤੇ ਦੋਸ਼ ਹੈ ਕਿ ਉਹ ਸਾਂਸਦ ਮੁਹੰਮਦ ਸਦੀਕ ਦੇ ਰਿਸ਼ਤੇਦਾਰਾਂ ਨੂੰ ਕਥਿਤ ਰੂਪ ਵਿੱਚ ਖੁਸ਼ ਕਰਨ ਵਿੱਚ ਲੱਗਿਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਜਦੋਂ ਵੀ ਸਦੀਕ ਦੇ ਰਿਸ਼ਤੇਦਾਰ ਕਿਤੇ ਜਾਂਦੇ ਹਨ ਤਾਂ ਮੁੱਖ ਅਫ਼ਸਰ ਉਨ੍ਹਾਂ ਨੂੰ ਸਿਕਿਓਰਿਟੀ ਦਿੰਦਾ ਹੈ ਜੋ ਕਿ ਗ਼ਲਤ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸ਼ਹਿਰ ਅੰਦਰ ਆਏ ਦਿਨ ਕਈ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਅਫ਼ਸਰਾਂ ਦਾ ਧਿਆਨ ਸਿਆਸੀਦਾਨਾਂ ਨੇ ਰਿਸ਼ਤੇਦਾਰਾ ਨੂੰ ਖੁਸ਼ ਕਰਨ ਵਿੱਚ ਲਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਹਿਰ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਹੋਈ ਹੈ। ਲੋਕਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।