ਫਰੀਦਕੋਟ: ਆਧੁਨੀਕਰਨ ਦੇ ਚੱਲਦੇ ਪੰਜਾਬੀ ਸਭਿਆਚਾਰ ਦੀ ਵਰਤੋਂ ਦੀਆਂ ਕਈ ਚੀਜ਼ਾਂ 'ਚ ਨਿਘਾਰ ਆ ਰਿਹਾ ਹੈ। ਪੰਜਾਬੀ ਪੇਂਡੂ ਸੱਭਿਆਚਾਰ ਨਾਲ ਸਬੰਧਤ ਬਹੁਤ ਸਾਰੀਆਂ ਵਸਤਾਂ ਇਨ੍ਹੀਂ ਦਿਨੀਂ ਅਲੋਪ ਹੁੰਦੀਆਂ ਜਾ ਰਹੀਆਂ ਜਿਨ੍ਹਾਂ ਵਿਚੋਂ ਜਿਥੇ ਟੋਕਰਾ ਘਰਾਂ ਅੰਦਰ ਅਹਿਮ ਸਥਾਨ ਰੱਖਦਾ ਹੈ ਉੱਥੇ ਹੀ ਛਾਬਾ ਸੁਆਣੀਆਂ ਦੀ ਰਸੋਈ ਦਾ ਅਹਿਮ ਅੰਗ ਹੁੰਦਾ ਸੀ ਜੋ ਅੱਜ ਆਧੁਨਿਕਤਾ ਦੀ ਹੋੜ ਵਿੱਚ ਤੂਤ ਦੀਆਂ ਪਤਲੀਆਂ ਛਮਕਾਂ ਤੋਂ ਹੁੰਦਾ ਹੋਇਆ ਸਟੀਲ ਦੇ ਡੱਬਿਆਂ ਵਿੱਚ ਬਦਲ ਗਿਆ।
ਹੋ ਸਕਦਾ ਨੱਬੇਵਿਆਂ ਦੇ ਦਹਾਕੇ ਤੋਂ ਬਾਅਦ ਜਨਮੇ ਬੱਚਿਆਂ ਨੂੰ ਟੋਕਰਿਆਂ ਅਤੇ ਛਾਬੇ ਬਾਰੇ ਗਿਆਨ ਵੀ ਨਾ ਹੋਵੇ। ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਕੁਝ ਕਾਰੀਗਰ ਇਸ ਵਿਰਾਸਤ ਨੂੰ ਅੱਜ ਵੀ ਆਪਣੇ ਅੰਦਰ ਸਮੋਈ ਬੈਠੇ ਹਨ। ਕਿਤੇ ਨਾ ਕਿਤੇ ਸੜਕਾਂ ਕਿਨਾਰੇ ਬੈਠੇ ਕਾਰੀਗਰ ਟੋਕਰੇ ਅਤੇ ਛਾਬੇ ਬਣਾ ਕੇ ਵੇਚ ਰਹੇ ਹਨ। ਅਜਿਹਾ ਕਰਕੇ ਜਿੱਥੇ ਇਹ ਆਪਣੇ ਹੁਨਰ ਨਾਲ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਸੰਭਾਲੀ ਬੈਠੇ ਹਨ ਉੱਥੇ ਹੀ ਆਪਣੇ ਘਰਾਂ ਦਾ ਗੁਜ਼ਾਰਾ ਵੀ ਚੱਲਾ ਰਹੇ ਹਨ।
ਪੰਜਾਬ ਦੇ ਪੇਂਡੂ ਸੱਭਿਆਚਾਰ ਵਿੱਚ ਟੋਕਰੇ ਦਾ ਮਹੱਤਵ
ਪੰਜਾਬ ਦੇ ਪੇਂਡੂ ਸੱਭਿਆਚਾਰ ਵਿੱਚ ਟੋਕਰੇ ਦਾ ਅਹਿਮ ਮਹੱਤਵ ਹੈ। ਟੋਕਰਾ ਪੰਜਾਬ ਦੇ ਕਿਸਾਨਾਂ ਦੇ ਘਰਾਂ ਵਿੱਚ ਅਹਿਮ ਹੁੰਦਾ ਸੀ ਅਤੇ ਇਸ ਨੂੰ ਸਭ ਤੋਂ ਪ੍ਰਮੁੱਖ ਕੰਮ ਪਸ਼ੂਆਂ ਨੂੰ ਪੱਠੇ ਪਾਉਣ, ਸਬਜ਼ੀਆਂ ਰੱਖਣ, ਕੂੜਾ ਸੁੱਟਣ, ਕਣਕ ਧੋਣ ਆਦਿ ਕੰਮਾਂ ਲਈ ਵਰਤਿਆ ਜਾਂਦਾ ਸੀ ਅਤੇ ਵਿਆਹ ਸਮਾਗਮਾਂ ਵੇਲੇ ਟੋਕਰਾ ਮਠਿਆਈਆਂ ਸੰਭਾਲਣ ਦੇ ਕੰਮ ਆਉਂਦਾ ਸੀ ਟੋਕਰੇ ਬਿਨਾਂ ਘਰਾਂ ਦੇ ਇਹ ਜ਼ਰੂਰੀ ਕੰਮ ਕਦੇ ਵੀ ਨੇਪਰੇ ਨਹੀਂ ਸਨ ਚੜ੍ਹਦੇ।
ਪੰਜਾਬ ਦੇ ਪੇਂਡੂ ਸੱਭਿਆਚਾਰ ਅੰਦਰ ਛਾਬੇ ਦਾ ਮਹੱਤਵ
ਛਾਬਾ ਪੇਂਡੂ ਸੁਆਣੀਆਂ ਦੀ ਰਸੋਈ ਦਾ ਅਹਿਮ ਅੰਗ ਹੁੰਦਾ ਸੀ। ਛਾਬਾ ਪ੍ਰਮੁੱਖ ਤੌਰ 'ਤੇ ਸੁਆਣੀਆਂ ਰੋਟੀ ਰੱਖਣ ਲਈ ਵਰਤਦੀਆਂ ਸਨ ਛਾਬੇ ਵਿੱਚ ਸੂਤੀ ਕੱਪੜਾ ਜਿਸ ਨੂੰ ਪੋਣਾ ਕਿਹਾ ਜਾਂਦਾ ਸੀ, ਰੱਖ ਕੇ ਉਸ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸਨ ਅਤੇ ਛਾਬੇ ਵਿੱਚ ਰੱਖੀਆਂ ਰੋਟੀਆਂ ਕਾਫ਼ੀ ਸਮਾਂ ਖ਼ਰਾਬ ਨਹੀਂ ਸਨ ਹੁੰਦੀਆਂ, ਜੋ ਅੱਜ ਦੇ ਸਟੀਲ ਦੇ ਡੱਬਿਆਂ ਵਿੱਚ ਰੱਖੀਂ ਰੋਟੀ ਮਹਿਜ਼ ਕੁਝ ਮਿੰਟਾਂ ਵਿੱਚ ਹੀ ਪਸੀਨਾ ਆਉਣ ਨਾਲ ਖਰਾਬ ਹੋ ਜਾਂਦੀ ਹੈ। ਇਸ ਲਈ ਅੱਜ ਰੋਟੀ ਓਨੀ ਹੀ ਬਣਾਈ ਜਾਂਦੀ ਹੈ ਜਿੰਨੀ ਲੋੜ ਹੋਵੇ ਜਦੋਂ ਕਿ ਪਹਿਲਾਂ ਸੁਆਣੀਆਂ ਇੱਕੋ ਸਮੇਂ ਰੋਟੀ ਬਣਾ ਕੇ ਰੱਖਦੀਆਂ ਸਨ ਅਤੇ ਪੂਰਾ ਦਿਨ ਬੱਚੇ ਉਹੀ ਰੋਟੀ ਖਾਂਦੇ ਸਨ ਅਤੇ ਰਾਹੀ ਪਾਂਧੀ ਵੀ ਲੰਘਦੇ ਟਪਦੇ ਰੋਟੀ ਛਕ ਜਾਂਦੇ ਸਨ ਪਰ ਅੱਜ ਜਿਵੇਂ ਛਾਬਾ ਸਾਡੇ ਜੀਵਨ ਵਿੱਚੋਂ ਅਲੋਪ ਹੋਇਆ ਉਸੇ ਤਰ੍ਹਾਂ ਹੀ ਕਈ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਸਾਡੇ ਸਮਾਜ ਵਿੱਚੋਂ ਵਿਸਰ ਗਈਆਂ ਹਨ ।
ਨਿਘਾਰ ਦਾ ਇੱਕ ਹੋਰ ਕਾਰਨ
ਛਾਬੇ ਬਾਣਉਣ 'ਚ ਇੱਕ ਖ਼ਾਸ ਤਰ੍ਹਾਂ ਦੀ ਲੱਕੜ ਤੂਤ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਤੂਤ ਦੀ ਲੱਕੜ ਵੀ ਬਹੁਤ ਘੱਟ ਮਿਲਦੀ ਹੈ ਤੇ ਦੂਜਾ ਹੁਣ ਪਲਾਸਟਿਕ ਦੀਆਂ ਟੋਕਰੀਆਂ ਆ ਗਈਆਂ ਹਨ ਜਿਨ੍ਹਾਂ ਨੂੰ ਸਟੈਂਡਰਡ ਵਜੋਂ ਲੋਕ ਵਰਤਣ ਲੱਗੇ ਹਨ। ਉੱਥੇ ਹੀ ਕਾਰੀਗਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਲੱਕੜ ਮੁਫ਼ਤ 'ਚ ਮਿਲਦੀ ਸੀ ਤੇ ਹੁਣ ਉਨ੍ਹਾਂ ਨੂੰ ਮੁੱਲ ਖਰੀਦਣੀ ਪੈਂਦੀ ਹੈ।