Parks In Faridkot: ਲ਼ੱਖਾਂ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਦੇ ਹਾਲਾਤ ਬਦਤਰ ਫ਼ਰੀਦਕੋਟ: ਸਾਲ 2016 ਵਿਚ ਫ਼ਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵੱਲੋਂ ਜ਼ਿਲ੍ਹਾ ਸੱਭਿਆਰਕ ਸੁਸਾਇਟੀ ਦੇ ਸਹਿਯੋਗ ਨਾਲ ਫ਼ਰੀਦਕੋਟ ਦੇ ਦਰਬਾਰਗੰਜ ਕੰਪਲੈਕਸ ਵਿੱਚ ਸਥਿਤ ਪਾਰਕ ਦਾ ਸੁੰਦਰੀਕਰਨ ਕਰਵਾ ਕੇ ਇਸ ਨੂੰ ਇਕ ਸੁੰਦਰ ਸੈਰਗਾਹ ਅਤੇ ਬੱਚਿਆਂ ਦੇ ਮਨੋਰੰਜਨ ਪਾਰਕ ਵਜੋਂ ਵਿਕਸਤ ਕੀਤਾ ਸੀ। ਪਰ, ਇਨ੍ਹੀਂ ਦਿਨੀਂ ਇਹ ਸੁੰਦਰ ਸੈਰਗਾਹ ਅਤੇ ਬੱਚਿਆ ਦਾ ਮਨੋਰੰਜਨ ਪਾਰਕ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਅਣਗਹਿਲੀ ਦਾ ਸ਼ਿਕਾਰ ਹੋ ਕੇ ਉਜਾੜ ਬਣਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਕਿ ਪ੍ਰਸ਼ਾਸਨ ਇਸ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਇੱਥੇ ਲੱਗਿਆ ਲੱਖਾਂ ਰੁਪਿਆ ਮਿੱਟੀ ਹੋ ਰਿਹਾ।
ਪਾਰਕ ਦਾ ਸੁੰਦਰੀਕਰਨ ਵਿਗੜਿਆ: ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਸਾਲ 2016 ਵਿੱਚ ਤਤਕਾਲੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਮਾਲਵਿੰਦਰ ਸਿੰਘ ਜੱਗੀ ਨੇ ਦਰਬਾਰਗੰਜ ਕੰਪਲੈਕਸ ਵਿੱਚ ਬਣੀ ਪਾਰਕ ਦਾ ਸੁੰਦਰੀ ਕਰਨ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਅਹਿਮ ਸੁਗਾਤ ਦਿੱਤੀ ਹੈ, ਪਰ ਬਾਅਦ ਵਿੱਚ ਆਏ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਹੁਣ ਇਹ ਪਾਰਕ ਦਿਨੋਂ ਦਿਨ ਉਜੜਦਾ ਜਾ ਰਿਹਾ ਹੈ। ਪਾਰਕ ਵਿੱਚ ਉੱਚਾ-ਉੱਚਾ ਘਾਹ ਉੱਗਿਆ ਹੋਇਆ ਹੈ ਜਿਸ ਵਿੱਚ ਅਕਸਰ ਅਵਾਰਾ ਪਸ਼ੂ ਚਰਦੇ ਨਜ਼ਰ ਆਉਂਦੇ ਹਨ।
ਬੁੱਤ-ਝੂਲੇ ਟੁੱਟੇ ਤੇ ਫੁਆਰੇ ਖ਼ਰਾਬ:ਸ਼ਹਿਰ ਵਾਸੀਆਂ ਨੇ ਕਿਹਾ ਕਿ ਪਾਰਕ ਦੇ ਆਲੇ ਦੁਆਲੇ ਲਗਾਈਆਂ ਗਈਆਂ ਸੁੰਦਰ ਸਜਾਵਟੀ ਲਾਈਟਾਂ ਗਾਇਬ ਹੋ ਚੁੱਕੀਆਂ ਹਨ। ਪਾਰਕ ਦੇ ਵਿਚਕਾਰ ਲਗਾਇਆ ਗਿਆ ਫੁਆਰਾ ਖ਼ਰਾਬ ਹੋ ਚੁੱਕਾ ਹੈ। ਬੱਚਿਆ ਲਈ ਲਗਾਏ ਗਏ ਝੂਲੇ ਟੁੱਟ ਚੁੱਕੇ ਹਨ। ਬੱਚਿਆ ਦੇ ਮਨੋਰੰਜਨ ਲਈ ਲਗਾਏ ਗਏ ਕਾਰਟੂਨ ਪਾਤਰਾਂ ਦੇ ਬੁੱਤ ਕਈ ਤਾਂ ਗਾਇਬ ਹੋ ਚੁੱਕੇ ਹਨ ਅਤੇ ਕਈਆਂ ਦੇ ਅਵਸ਼ੇਸ ਹੀ ਬਾਕੀ ਬਚੇ ਹਨ। ਜੋ ਬੁੱਤ ਬਾਕੀ ਬਚੇ ਹਨ, ਉਨ੍ਹਾਂ ਦੀ ਜੇਕਰ ਸਹੀ ਸਾਂਭ ਸੰਭਾਲ ਨਾ ਹੋਈ, ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਜਾਂ ਤਾਂ ਗਾਇਬ ਹੋ ਜਾਣਗੇ ਜਾਂ ਟੁੱਟ ਜਾਣਗੇ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਇਹ ਪਾਰਕ ਸ਼ਹਿਰ ਦਾ ਦਿਲ ਹੈ ਅਤੇ ਰੋਜ਼ਾਨਾ ਲਗਭਗ ਸਾਰੇ ਸ਼ਹਿਰ ਦੇ ਲੋਕ ਇਥੇ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਪਾਰਕ ਦੀ ਸਾਂਭ ਸੰਭਾਲ ਕੀਤੀ ਜਾਵੇ।
ਕੀ ਬੋਲੇ ਡਿਪਟੀ ਕਮਿਸ਼ਨਰ:ਇਸ ਪੂਰੇ ਮਾਮਲੇ ਬਾਰੇ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਹੈ ਕਿ ਦਰਬਾਰਗੰਜ ਕੰਪਲੈਕਸ ਵਿਚ ਜੋ ਪਾਰਕ ਬਣਿਆ ਹੈ, ਉਸ ਉੱਤੇ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਕਾਫੀ ਕੰਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਇਸ ਦੀ ਦੇਖ-ਰੇਖ ਮਿਊਂਸੀਪਲ ਕਮੇਟੀ ਨੇ ਕਰਨੀ ਸੀ। ਵਨੀਤ ਕੁਮਾਰ ਨੇ ਕਿਹਾ ਕਿ ਤੁਹਾਡੇ ਵੱਲੋਂ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਜਾਣ ਉੱਤੇ ਇਸ ਸੰਬੰਧੀ ਮਿਊਂਸੀਪਲ ਕੌਂਸਲ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਹਨ। ਜਲਦ ਹੀ ਇਸ ਦੀ ਦਿੱਖ ਵਿੱਚ ਨਿਖਾਰ ਆਵੇਗਾ ਅਤੇ ਇਸ ਦਾ ਰੱਖ ਰਖਾਅ ਸਹੀ ਢੰਗ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੀ ਧਰੋਹਰ ਹੈ ਅਤੇ ਇਸ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ ਹੈ।