ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀਆਂ ਹਨ। ਕਦੇ ਕੈਦੀਆਂ ਕੋਲੋਂ ਨਸ਼ਾ ਮਿਲਦਾ ਹੈ, ਕਦੇ ਮੋਬਾਈਲ ਫੋਨ ਬਰਾਮਦ ਹੁੰਦੇ ਹਨ ਤੇ ਕਦੇ ਕੈਦੀ ਫ਼ਰਾਰ ਹੋ ਜਾਂਦੇ ਹਨ।
ਅਜਿਹਾ ਮਾਮਲਾ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਿਹਤ ਕਰਮੀ (ਲੈਬ ਟਕਨੀਸ਼ੀਅਨ) ਤੋਂ ਤਲਾਸ਼ੀ ਦੌਰਾਨ ਅਫ਼ੀਮ, ਗਾਂਜਾ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਤੇ ਇੱਕ ਕੈਦੀ ਤੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਮੁਤਾਬਕ ਜੇਲ੍ਹ 'ਚ ਤਾਇਨਾਤ ਲੈਬ ਟਕਨੀਸ਼ੀਅਨ ਸੰਦੀਪ ਸਿੰਘ ਤੋਂ 50 ਗ੍ਰਾਮ ਅਫ਼ੀਮ, 50 ਗ੍ਰਾਮ ਗਾਂਜਾ ਤੇ ਕੁਝ ਹੋਰ ਪਾਬੰਦੀਸ਼ੁਦਾ ਸਮਾਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਇਹ ਸਭ ਆਪਣੇ ਬੂਟਾਂ ਅੰਦਰ ਲੁਕੋ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦ ਸੰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਸਮਾਨ ਉਸ ਨੇ ਜੇਲ੍ਹ ਅੰਦਰ ਬੰਦ ਕੈਦੀ ਪਰਵਿੰਦਰ ਕੁਮਾਰ ਨੂੰ ਦੇਣਾ ਸੀ। ਉਨ੍ਹਾਂ ਦੱਸਿਆ ਕਿ ਜਦ ਕੈਦੀ ਪਰਵਿੰਦਰ ਕੁਮਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ।
ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਖ਼ੈਰ ਇਹ ਕੋਈ ਪਹਿਲਾ ਮਾਮਲਾ ਤਾਂ ਹੈ ਨਹੀਂ, ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਤੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਵਿਚਾਰ ਇਸ ਗੱਲ 'ਤੇ ਹੋਣਾ ਜ਼ਰੂਰੀ ਹੈ ਕਿ ਕਦੋਂ ਇਨ੍ਹਾਂ ਵਾਰਦਾਤਾਂ 'ਤੇ ਠੱਲ ਪਵੇਗੀ।