ਫਰੀਦਕੋਟ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ । ਉੱਥੇ ਹੀ ਹੁਣ ਸਰਕਾਰ 'ਤੇ ਨੌਕਰੀਆਂ ਖੋਹ ਕੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬੇਰੁਜ਼ਗਾਰ ਕਰਨ ਦੇ ਇਲਜ਼ਾਮ ਵੀ ਲੱਗ ਰਹੇ ਹਨ। ਤਾਜਾ ਮਾਮਲਾ ਫਰੀਦਕੋਟ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹੇ ਦੇ ਪਿੰਡ ਪੱਕਾ ਅਤੇ ਮਿਡੂਮਾਨ ਵਿਖੇ ਸਥਿਤ ਆਦਰਸ਼ ਸਕੂਲਾਂ ਦੇ ਕਰੀਬ 5-6 ਸਾਲਾਂ ਤੋਂ ਨੌਕਰੀ ਕਰ ਰਹੇ ਕੱਚੇ ਅਧਿਆਪਕਾਂ ਸਮੇਤ ਹੋਰ ਵੱਖ ਵੱਖ ਦਰਜੇ ਦੇ ਕਰੀਬ 39 ਕਰਮਚਾਰੀਆਂ ਨੂੰ ਨੌਕਰੀ ਤੋਂ ਕਿਸੇ ਵੇਲੇ ਵੀ ਕੱਢੇ ਜਾਣ ਦੇ ਨੋਟਿਸ ਜਾਰੀ ਹੋਏ ਹਨ।
ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੌਕਰੀ ਤੋਂ ਕੱਢਣ ਸਬੰਧੀ ਨੋਟਿਸ ਖਿਲਾਫ਼ ਪ੍ਰਦਰਸ਼ਨ
ਫਰੀਦਕੋਟ ਜ਼ਿਲ੍ਹੇ ਦੇ 2 ਆਦਰਸ਼ ਸਕੂਲਾਂ ਦੇ ਟੀਚਰਾਂ ਸਮੇਤ ਕਰੀਬ 39 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਸਬੰਧੀ ਨੋਟਿਸ ਜਾਰੀ ਹੋਇਆ ਹੈ, ਜਿਸ ਕਾਰਨ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੇ ਮੁਲਾਜ਼ਮਾਂ ਨੇ ਨੌਕਰੀ ਬਹਾਲ ਰੱਖੇ ਜਾਣ ਦੀ ਮੰਗ ਕੀਤੀ ਗਈ ਹੈ।
ਨੌਕਰੀ ਬਹਾਲੀ ਦੀ ਮੰਗ: ਇਹਨਾਂ ਮੁਲਾਜਮਾਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਹਟਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਅੱਜ ਫਰੀਦਕੋਟ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਆਪਣੀ ਨੌਕਰੀ ਬਹਾਲੀ ਲਈ ਫਰਿਆਦ ਕਰਨ ਆਏ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਮੈਨੇਜਮੈਂਟ ਵੱਲੋਂ ਭਰਤੀ ਕੀਤਾ ਗਿਆ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਹਨ।
ਮਾਨ ਸਰਕਾਰ ਤੋਂ ਆਸ: ਉਹਨਾਂ ਕਿਹਾ ਕਿ ਅਸੀਂ ਤਾਂ ਆਸ ਲਗਾਈ ਸੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉਹਨਾਂ ਨੂੰ ਪੱਕਾ ਕਰੇਗੀ, ਪਰ ਹੋਇਆ ਉਸ ਦੇ ਉਲਟ। ਇਹ ਸਰਕਾਰ ਤਾਂ ਉਹਨਾਂ ਦੀਆਂ ਕੱਚੀਆਂ ਨੌਕਰੀਆਂ ਵੀ ਖੋਹਣ ਜਾ ਰਹੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਕਿਸੇ ਹੋਰ ਮੁਲਾਜ਼ਮਾਂ ਵਲੋਂ ਕੋਈ ਕੇਸ ਮਾਨਯੋਗ ਅਦਾਲਤ ਵਿਚ ਚੱਲ ਰਿਹਾ ਜਿਸ ਵਿਚ ਕੋਈ ਸਟੇਅ ਆਰਡਰ ਹੋਏ ਸਨ ਅਤੇ ਉਹਨਾਂ ਸਟੇਅ ਆਰਡਰਾਂ ਦਾ ਹਵਾਲਾ ਦੇ ਕੇ ਉਹਨਾਂ ਦੀ ਨੌਕਰੀ ਖੋਹੀ ਜਾ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣ ਤਾਂ ਜੋ ਉਹ ਬੇਰੁਜ਼ਗਾਰ ਹੋਣ ਤੋਂ ਬਚ ਸਕਣ।