ਫ਼ਰੀਦਕੋਟ: ਬੀਤੇ ਦਿਨੀਂ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਚਾਚੇ-ਭਤੀਜੇ ਵਿਚਾਲੇ ਹੋਏ ਝਗੜੇ ਨੂੰ ਸੁਲਝਾਉਣ ਗਈ ਪੁਲਿਸ ਨਾਲ ਹੋਈ ਮੁਠਭੇੜ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਵੀਰਵਾਰ ਨੂੰ ਫ਼ਰੀਦਕੋਟ ਵਿਖੇ ਮੌਤ ਹੋ ਗਈ।
ਮੋਗਾ 'ਚ ਪੁਲਿਸ 'ਤੇ ਹਮਲਾ ਕਰਨ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਮੋਗਾ ਦੇ ਥਾਣਾ ਸਦਰ ਪੁਲਿਸ ਅਧੀਨ ਆਉਂਦੇ ਪਿੰਡ ਖੋਸਾ ਪਾਂਡੋ ਵਿਖੇ ਚਾਚੇ-ਭਤੀਜੇ ਵਿਚਾਲੇ ਹੋਏ ਝਗੜੇ ਨੂੰ ਸੁਲਝਾਉਣ ਲਈ ਪੁਲਿਸ ਗਈ ਸੀ।
ਭਤੀਜੇ ਨੇ ਪੁਲਿਸ ਪਾਰਟੀ 'ਤੇ ਗੋਲ਼ੀਆਂ ਚਲਾ ਦਿੱਤੀਆਂ ਸਨ। ਜਿਸ ਦੌਰਾਨ ਪੁਲਿਸ ਦੇ ਇੱਕ ਹੌਲਦਾਰ ਦੀ ਮੌਤ ਹੋ ਗਈ, ਜਦਕਿ ਸੀਆਈਏ ਸਟਾਫ਼ ਮੋਗਾ ਦਾ ਇੰਸਪੈਕਟਰ ਤਰਲੋਚਨ ਸਿੰਘ ਤੇ ਇੱਕ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਉਧਰ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਨੂੰ ਵੀ ਤਿੰਨ ਗੋਲ਼ੀਆਂ ਲੱਗੀਆਂ ਸਨ ਅਤੇ ਉਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਖੇ ਉਸ ਦੀ ਮੌਤ ਹੋ ਗਈ।
ਇਸ ਮੌਕੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਨੌਜਵਾਨ ਦੇ 6 ਗੋਲ਼ੀਆਂ ਦੇ ਜ਼ਖ਼ਮ ਸਨ ਜਿਸ ਵਿੱਚੋਂ ਚਾਰ ਗੋਲ਼ੀਆਂ ਵੱਜ ਕੇ ਨਿਕਲਨ ਦੇ ਨਿਸ਼ਾਨ ਸਨ ਅਤੇ 2 ਗੋਲੀਆਂ ਢਿੱਡ ਅੰਦਰ ਸਨ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਸਦਮੇ ਵਿੱਚ ਹੋਣ ਕਾਰਨ ਆਪਰੇਸ਼ਨ ਤੋਂ ਬਾਅਦ ਵੀ ਉਹ ਉਸ ਨੂੰ ਰਿਕਵਰ ਨਹੀਂ ਕਰ ਸਕੇ।
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਅਤੇ ਉਸ ਦੇ ਚਾਚੇ ਨੂੰ ਪੁਲਿਸ ਕੋਲ ਗ਼ਲਤ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਚਾਚੇ ਨੇ ਪੁਲਿਸ ਤੋਂ ਵੀ ਇਹ ਗੱਲ ਲੁਕੋਈ ਸੀ ਕਿ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ।