ਫਰੀਦਕੋਟ: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਕੋਰੋਨਾ ਰਿਪੋਰਟ ਐਤਵਾਰ ਨੂੰ ਪੌਜ਼ੀਟਿਵ ਆਈ ਹੈ। ਡਿਪਟੀ ਸਪੀਕਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਮਿਲਣ ਵਾਲੇ ਵੱਡੇ ਪੁਲਿਸ ਅਧਿਕਾਰੀਆਂ, ਜੱਜਾਂ ਅਤੇ ਕਾਂਗਰਸੀ ਆਗੂਆਂ ਸਮੇਤ ਵਰਕਰਾਂ ਦੇ ਮੱਥੇ 'ਤੇ ਤਰੇਲੀਆਂ ਲਿਆ ਦਿੱਤੀਆਂ। ਕੋਰੋਨਾ ਕਾਰਨ ਮਿਲਣ ਵਾਲਿਆਂ ਵਿੱਚ ਚਿੰਤਾਵਾਂ ਵੱਧ ਗਈਆਂ ਹਨ ਅਤੇ ਕੋਰੋਨਾ ਹੋਣ ਦਾ ਡਰ ਸਤਾਉਣ ਲੱਗਿਆ ਹੈ।
ਵਿਧਾਇਕ ਭੱਟੀ ਦੀ ਕੋਰੋਨਾ ਰਿਪੋਰਟ ਨੇ ਮਿਲਣ ਵਾਲਿਆਂ ਨੂੰ ਲਿਆਂਦੀਆਂ ਤਰੇਲੀਆਂ ਜਾਣਕਾਰੀ ਅਨੁਸਾਰ ਅਜਾਇਬ ਸਿੰਘ ਭੱਟੀ ਸ਼ਨੀਵਾਰ ਨੂੰ 15 ਅਗੱਸਤ ਮੌਕੇ ਫਰੀਦਕੋਟ ਵਿਖੇ ਆਜ਼ਾਦੀ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਆਏ ਸਨ।
ਸਮਾਗਮ ਦੌਰਾਨ ਅਜਾਇਬ ਸਿੰਘ ਭੱਟੀ ਜਿਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਡਵੀਜ਼ਨਲ ਕਮਿਸ਼ਨਰ, ਆਈ.ਜੀ., ਐਸਐਸਪੀ, ਜੱਜਾਂ ਅਤੇ ਮੈਂਬਰ ਪਾਰਲੀਮੈਂਟ ਸਮੇਤ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਆਏ ਹਨ, ਉੱਥੇ ਹੀ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਪ੍ਰੋ. ਡਾ. ਰਾਜ ਬਹਾਦਰ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਿਲ ਕੇ ਬੁਕੇ ਭੇਂਟ ਕੀਤਾ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਜਾਇਬ ਸਿੰਘ ਭੱਟੀ ਨੇ ਆਜ਼ਾਦੀ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਬਾਅਦ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਵੀ ਮੱਥਾ ਟੇਕਿਆ। ਇਸ ਤੋਂ ਇਲਾਵਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਵੱਖ-ਵੱਖ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਵੀ ਗਏ ਸਨ। ਇਹੀ ਨਹੀਂ ਉਨ੍ਹਾਂ ਨੇ ਆਜ਼ਾਦੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਸੀ, ਜਿਸ ਦੇ ਚਲਦੇ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਵੱਧ ਗਈ ਹੈ।