ਫਰੀਦਕੋਟ: ਪੰਜਾਬ ਵਿੱਚ ਸਰਕਾਰ (Government in Punjab) ਬਦਲਣ ਤੋਂ ਬਾਅਦ ਅਣ-ਅਧਿਕਾਰਤ ਤਰੀਕੇ ਨਾਲ ਚੱਲ ਰਹੀਆਂ ਰੇਤ ਦੀਆਂ ਖੱਡਾਂ ਮੁਕੰਮਲ ਤੌਰ ‘ਤੇ ਬੰਦ ਹੋ ਗਈਆਂ ਹਨ। ਜਿਸ ਕਰਕੇ ਮਾਰਕੀਟ ਵਿੱਚ ਰੇਤਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ। ਲੋੜ ਅਨੁਸਾਰ ਰੇਤਾਂ ਨਾ ਮਿਲਣ ਕਾਰਨ ਇਮਾਰਤਾਂ ਦੀਆਂ ਉਸਾਰੀਆਂ ਰੁਕ ਗਈਆਂ ਹਨ ਅਤੇ ਜਿਨ੍ਹਾਂ ਵਪਾਰੀਆਂ ਕੋਲ ਰੇਤਾ ਇਕੱਠਾ ਕਰਕੇ ਰੱਖਿਆ ਹੋਇਆ ਸੀ, ਉਹ ਹੁਣ ਇਸ ਨੂੰ ਦੁੱਗਣੇ ਮੁੱਲ ‘ਤੇ ਵੇਚ ਰਹੇ ਹਨ। 2 ਹਫ਼ਤੇ ਪਹਿਲਾਂ 60 ਰੁਪਏ ਕੁਇੰਟਲ ਮਿਲਣ ਵਾਲਾ ਰੇਤਾਂ ਬਾਜ਼ਾਰ ਵਿੱਚ 110 ਰੁਪਏ ਕੁਇੰਟਲ ਮਿਲ ਰਿਹਾ ਹੈ।
ਇਸ ਮੌਕੇ ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਗੁਰਤੇਜ ਸਿੰਘ ਨੇ ਕਿਹਾ ਕਿ ਗਾਹਕਾਂ ਨੂੰ ਲੋੜ ਅਨੁਸਾਰ ਰੇਤਾ ਨਹੀਂ ਮਿਲ ਰਿਹਾ, ਕਿਉਂਕਿ ਰੇਤੇ ਦੀ ਸਪਲਾਈ (Supply of sand) ਇੱਕ ਵਾਰ ਮੁਕੰਮਲ ਤੌਰ ‘ਤੇ ਬੰਦ ਹੋ ਗਈ ਹੈ। ਸ਼ਹਿਰ ਵਿੱਚ ਬਣੇ ਰੇਤ ਦੇ ਡੰਪਾਂ ਉੱਪਰ ਰੇਤਾ ਵੀ ਲਗਪਗ ਖ਼ਤਮ ਹੋਣ ਕਿਨਾਰੇ ਹੈ ਅਤੇ ਰੇਤ ਦੀ ਸਪਲਾਈ ਘਟ ਹੋਣ ਕਰਕੇ 100 ਰੁਪਏ ਕੁਇੰਟਲ ਤੋਂ ਵੀ ਜਿਆਦਾ ਰੇਟ ਹੋ ਚੁੱਕਾ ਹੈ ਜਿਸ ਨਾਲ ਉਸਾਰੀ ਦਾ ਕੰਮ ਵੀ ਬਹੁਤ ਘੱਟ ਗਿਆ ਹੈ। ਉੱਥੇ ਸ਼ਹਿਰੀ ਨਾਗਰਿਕਾਂ ਦਾ ਕਹਿਣਾ ਹੈ ਕੇ ਫ਼ਰੀਦਕੋਟ ਸ਼ਹਿਰ ਵਿੱਚ ਜ਼ਿਆਦਾਤਰ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੀਆਂ ਖੱਡਾਂ ਦਾ ਰੇਤਾ ਸਪਲਾਈ ਹੁੰਦਾ ਸੀ। ਰੇਤਾ ਦੀ ਘਾਟ ਕਾਰਨ ਬਾਜ਼ਾਰ ਵਿੱਚ ਗੈਰ-ਮਿਆਰੀ ਰੇਤੇ ਦੀ ਵਿੱਕਰੀ ਜ਼ੋਰਾਂ ’ਤੇ ਹੈ।