ਫ਼ਰੀਦਕੋਟ: ਬਾਬਾ ਸੇਖ਼ ਫਰੀਦ ਆਗਮਨ ਪੁਰਬ ਮੌਕੇ 10 ਰੋਜ਼ਾ ਕਰਾਫ਼ਟ ਮੇਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਵੱਲੋਂ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਆਗੂਆਂ ਨੂੰ ਬੂਟੇ ਵੰਡ ਕੇ ਕੀਤਾ।
ਕਰਤਾਰਪੁਰ ਲਾਂਘੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਸੂਬਾ ਸਰਕਾਰ: ਮਜੀਠੀਆ - ਮਜੀਠੀਆ ਨੇ ਕੈਪਟਨ ਸਰਕਾਰ ਤੇ ਸਾਧੇ ਨਿਸ਼ਾਨੇ
ਬਾਬਾ ਸੇਖ਼ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾ ਰਹੇ ਕਰਾਫਟ ਮੇਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੁੱਜੇ। ਇਸ ਮੌਕੇ ਮਜੀਠੀਆ ਨੇ ਸੂਬਾ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ।
ਇਸ ਮੌਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਭੱਦੀ ਸ਼ਬਦਾਵਲੀ ਵਰਤਣ 'ਤੇ ਸਿਮਰਜੀਤ ਸਿੰਘ ਬੈਂਸ ਨੂੰ ਸਲਾਹ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਜੇਕਰ ਬੈਂਸ ਕਹਿੰਦੇ ਹਨ ਕਿ ਉਹ ਪੁਲਿਸ ਕਾਰਵਾਈ ਤੋਂ ਡਰਦੇ ਨਹੀਂ ਤਾਂ ਫਿਰ ਪੁਲਿਸ ਤੋਂ ਬਚਣ ਲਈ ਭੱਜ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਮਰਜੀਤ ਸਿੰਘ ਬੈਂਸ ਇਸ ਮਾਮਲੇ ਨੂੰ ਸੁਲਝਾਉਣਾ ਚਾਹੁੰਦੇ ਹਨ ਤਾਂ ਮੁਆਂਫੀ ਮੰਗ ਕੇ ਖਹਿੜਾ ਛੁਡਵਾ ਲੈਣ।
ਇਸ ਮੌਕੇ ਮਜੀਠੀਆ ਨੇ ਸੂਬਾ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ। ਮਜੀਠੀਆ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀਆਂ ਤੋਂ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰ (ਕਰੀਬ 1500 ਰੁਪਏ) ਫੀਸ ਵਸੂਲ ਕਰਨ ਦੀ ਗੱਲ ਕਰ ਰਹੀ ਹੈ, ਜੇ ਪਾਕਿਸਤਾਨ ਸਰਕਾਰ ਸਿੱਖਾਂ ਦੀ ਜ਼ਿਆਦਾ ਹਿਮਾਇਤੀ ਹੈ ਤਾਂ ਉਹ ਇਹ ਫੀਸ ਮੁਆਫ਼ ਕਰੇ। ਜੇ ਪਾਕਿ ਸਰਕਾਰ ਇਹ ਫੀਸ ਮੁਆਫ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਸ਼ਰਧਾਲੂਆਂ ਤੋਂ ਲਈ ਜਾਣ ਵਾਲੀ ਫੀਸ 'ਤੇ ਸਬਸਿਡੀ ਦੇਵੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਨਡੀਏ ਭਾਈਵਾਲ ਸਰਕਾਰ ਕਾਂਗਰਸ ਦੇ ਵਿਗਾੜੇ ਮਸਲਿਆਂ ਨੂੰ ਸੁਲਝਾ ਰਹੀ ਹੈ। ਕਰਤਾਰਪੁਰ ਲਾਂਘੇ ਦਾ ਸਾਰਾ ਕੰਮ ਕੇਂਦਰ ਸਰਕਾਰ ਵੱਲੋਂ ਕਰਵਾਈਆ ਜਾ ਰਿਹਾ ਹੈ ਤੇ ਸੂਬਾ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।