ਫਰੀਦਕੋਟ: ਗ਼ਰੀਬ ਪਰਿਵਾਰ ਨਾਲ ਸਬੰਧਤ ਮੋਗੇ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਤਾਈਕਵਾਂਡੋ ਵਿੱਚ ਹੁਣ ਤੱਕ ਕਈ ਮੈਡਲ ਜਿੱਤੇ ਹਨ। ਪਰ ਸਰਕਾਰ ਵੱਲੋਂ ਅਜੇ ਤੱਕ ਇਸ ਧੀ ਦੀ ਸਾਰ ਨਹੀਂ ਲਈ ਹੈ। ਦੱਸ ਦਈਏ ਕਿ ਲਵਪ੍ਰੀਤ ਕੌਰ ਵੱਲੋਂ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਗਿਆ। ਪਰ ਸਰਕਾਰੀ ਸਹੂਲਤਾਂ ਨਾ ਮਿਲਣ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਲਵਪ੍ਰੀਤ ਕੌਰ ਨੇ ਕਿਹਾ ਕਿ ਉਹ ਛੋਟੀ ਉਮਰੇ ਸਕੂਲ ਟਾਈਮ ਤੋਂ ਹੀ ਤਾਇਕਵਾਂਡੋ ਖੇਡ ਰਹੀ ਹੈ ਉਸ ਵੱਲੋਂ ਹੁਣ ਸਕੂਲ ਲੈਵਲ ਤੋਂ ਸ਼ੁਰੂ ਕਰਕੇ ਅੰਤਰਰਾਸ਼ਟਰੀ ਪੱਧਰ ਤੱਕ ਮੈਡਲ ਲਏ ਗਏ ਹਨ। ਉਸ ਦੇ ਪਰਿਵਾਰ ਵੱਲੋਂ ਉਸ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਉਸ ਦਾ ਸੁਪਣਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਵੀ ਆਪਣੀ ਖੇਡ ਦਾ ਲੋਹਾ ਮਨਵਾਏ। ਉਸ ਨੇ ਦੱਸਿਆ ਕਿ ਉਸ ਨੇ ਤਾਇਕਵਾਂਡੋ ਦੇ ਨੈਸ਼ਨਲ ਪੱਧਰ ਦੇ ਕਈ ਵੱਡੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਪਰ ਅੰਤਰਰਾਸ਼ਟਰੀ ਪੱਧਰ ਖੇਡਣ ਲਈ ਉਸ ਨੂੰ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਲਵਪ੍ਰੀਤ ਨੇ ਦੱਸਿਆ ਕਿ ਗ਼ਰੀਬੀ ਦੇ ਹਾਲਾਤਾਂ ਵਿੱਚ ਪੜ੍ਹਾਈ ਵੀ ਅੱਗੇ ਜਾਰੀ ਨਹੀਂ ਰੱਖ ਪਾ ਰਹੀ ਹੈ। ਨੈਸ਼ਨਲ ਪੱਧਰ ’ਤੇ ਖੇਡਣ ਦੇ ਬਾਵਜੂਦ ਮੈਡਲ ਹਾਸਲ ਕਰਨ ਦੇ ਬਾਵਜੂਦ ਵੀ ਉਸ ਵੱਲ ਸਰਕਾਰ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਉਸ ਦੀ ਮਦਦ ਕਰਦੀ ਹੈ ਤਾਂ ਉਹ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਦੇਸ਼ ਦਾ ਨਾਮ ਜ਼ਰੂਰ ਚਮਕਾਏਗੀ।