ਮੈਡੀਕਲ ਸਟੋਰ 'ਚ ਪਿਸਤੌਲ ਦੀ ਨੋਕ 'ਤੇ ਹਜ਼ਾਰਾਂ ਦੀ ਲੁੱਟ, ਵਾਰਦਾਤ ਸੀਸੀਟੀਵੀ 'ਚ ਕੈਦ ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿਖੇ ਦੇਰ ਸ਼ਾਮ ਗੁਰਮੀਤ ਮੈਡੀਕਲ ਸਟੋਰ ਤੋਂ 3 ਅਣਪਛਾਤੇ ਨੌਜਵਾਨਾਂ ਨੇ ਪਿਸਟਲ ਦੀ ਨੋਕ ਉੱਤੇ 40 ਹਜ਼ਾਰ ਰੁਪਏ ਲੁੱਟ ਕੀਤੀ ਅਤੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਦੁਕਾਨਦਾਰ ਦਾ 32 ਬੋਰ ਰਿਵਾਲਵਰ ਅਤੇ 12 ਜਿੰਦਾ ਕਾਰਤੂਸ ਵੀ ਲੈ ਗਏ। ਲੁੱਟ ਦੀ ਪੂਰੀ ਵਾਰਦਾਤ ਦੁਕਾਨ ਅੰਦਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਗਈ ਹੈ।
ਲੁੱਟ ਦੀ ਵਾਰਦਾਤ ਸੀਸੀਟੀਵੀ 'ਚ ਕੈਦ:ਮੈਡੀਕਲ ਸਟੋਰ ਅੰਦਰ ਲੱਗੇ ਸੀਸੀਟੀਵੀ ਵਿੱਚ ਲੁੱਟ ਦੀ ਸਾਰੀ ਵਾਰਦਾਤ ਕੈਦ ਹੋ ਗਈ। ਵੀਡੀਓ ਵੇਖਣ ਉੱਤੇ ਜਾਪਦਾ ਹੈ ਕਿ ਲੁਟੇਰੇ ਗਾਹਕ ਬਣ ਕੇ ਆਏ ਅਤੇ ਮੌਕਾ ਵੇਖਦੇ ਹੀ, ਮੈਡੀਕਲ ਸਟੋਰ ਮਾਲਕ ਉੱਤੇ ਪਿਸਤੌਲ ਤਾਣ ਕੇ ਉਸ ਕੋਲੋਂ ਪੈਸੇ ਲੈ ਲਏ ਗਏ। ਇਸ ਨਾਲ ਹੀ, ਸਟੋਰ ਮਾਲਕ ਨਾਲ ਮੌਜੂਦ ਇਕ ਹੋਰ ਸਖ਼ਸ਼ ਨੂੰ ਵੀ ਲੁਟੇਰਿਆ ਨੇ ਫੜ੍ਹ ਲਿਆ ਸੀ। ਪੈਸੇ ਅਤੇ ਹਥਿਆਰ ਲੁੱਟ ਕੇ ਮੌਕੇ ਤੋਂ ਲੁਟੇਰੇ ਉੱਥੋ ਭੱਜ ਨਿਕਲੇ।
ਮੌਕੇ 'ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ:ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਅਤੇ ਡੀਐਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਕਰੀਬ 7 ਵਜੇ 3 ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਪਿੰਡ ਢਿਲਵਾਂ ਕਲਾਂ ਵਿਖੇ ਗੁਰਮੀਤ ਮੈਡੀਕਲ ਸਟੋਰ ਅੰਦਰ ਦਾਖਲ ਹੋ ਕਿ 40 ਹਜਾਰ ਰੁਪਏ ਦੀ ਨਕਦੀ, ਇਕ ਪਿਸਟਲ 32 ਬੋਰ ਅਤੇ 12 ਜਿੰਦਾ ਕਾਰਤੂਸ ਲੁੱਟ ਲਏ ਗਏ।
ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਤਿੰਨੋ ਲੁਟੇਰੇ ਜਿੰਨ੍ਹਾਂ ਦੇ ਮੂੰਹ ਢਕੇ ਹੋਏ ਸਨ, ਉਹ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆ ਅਤੇ ਰਾਸਤੇ ਵਿਚ ਹੋਰ ਦੁਕਾਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਭਾਜਪਾ ਦਾ ਬਾਈਕਾਟ ਕਾਇਮ, ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ਤੋਂ ਭਾਜਪਾ ਇਸ ਵਾਰ ਵੀ ਆਊਟ !